ਨਵੀਂ ਦਿੱਲੀ, 15 ਅਗਸਤ 2026 (ਕਾਜਲ) : 80ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਡੇ ਟੀਚਿਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇਸ ਦਹਾਕੇ ਦੌਰਾਨ ਪੰਜ ਨਵੇਂ ਪਰਮਾਣੂ ਰਿਐਕਟਰ ਚਾਲੂ ਕਰੇਗਾ ਅਤੇ ਦੇਸ਼ ਦੀ ਪਰਮਾਣੂ ਊਰਜਾ ਸਮਰੱਥਾ ਨੂੰ 100 ਗੀਗਾਵਾਟ ਤੱਕ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ।PM ਮੋਦੀ ਨੇ ਕਿਹਾ ਕਿ ਊਰਜਾ ਸੁਰੱਖਿਆ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਸਦ ਵੱਲੋਂ SHANTI ਐਕਟ ਪਾਸ ਹੋਣ ਨਾਲ ਇਸ ਟੀਚੇ ਨੂੰ ਹਾਸਲ ਕਰਨ ਲਈ ਇੱਕ ਢਾਂਚਾ ਤਿਆਰ ਹੋਇਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਨੂੰ ਊਰਜਾ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਦੂਜੇ ਦੇਸ਼ਾਂ ’ਤੇ ਨਿਰਭਰਤਾ ਘਟਾ ਕੇ ਆਤਮਨਿਰਭਰ ਬਣਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ‘ਮੇਕ ਇਨ ਇੰਡੀਆ’, ‘ਸਵਦੇਸ਼ੀ’ ਅਤੇ ‘ਵੋਕਲ ਫਾਰ ਲੋਕਲ’ ਨੂੰ ਆਤਮਨਿਰਭਰ ਭਾਰਤ ਦੇ ਸੰਕਲਪ ਨਾਲ ਜੋੜਦਿਆਂ ਕਿਹਾ ਕਿ ਦੇਸ਼ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਕੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਵੱਲ ਅੱਗੇ ਵੱਧ ਰਿਹਾ ਹੈ।
ਰੇਲਵੇ ਦੇ ਬਿਜਲੀਕਰਨ ਵਿੱਚ ਵੱਡੀ ਤਰੱਕੀ
PM ਮੋਦੀ ਨੇ ਦੱਸਿਆ ਕਿ ਭਾਰਤ ਨੇ ਰੇਲਵੇ ਦੇ ਬਿਜਲੀਕਰਨ ਵਿੱਚ ਵੀ ਵੱਡੀ ਪ੍ਰਗਤੀ ਕੀਤੀ ਹੈ। ਉਨ੍ਹਾਂ ਕਿਹਾ ਕਿ 1925 ਵਿੱਚ ਰੇਲਵੇ ਬਿਜਲੀਕਰਨ ਦੀ ਸ਼ੁਰੂਆਤ ਹੋਈ ਸੀ ਅਤੇ ਲਗਭਗ 90 ਸਾਲਾਂ ਵਿੱਚ ਸਿਰਫ਼ 30 ਫੀਸਦੀ ਨੈੱਟਵਰਕ ਹੀ ਬਿਜਲੀਕ੍ਰਿਤ ਹੋ ਸਕਿਆ ਸੀ। ਪਰ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਨੇ 100 ਫੀਸਦੀ ਰੇਲਵੇ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਡੀਜ਼ਲ ਦੀ ਦਰਾਮਦ ’ਤੇ ਨਿਰਭਰਤਾ ਘਟੀ ਹੈ ਅਤੇ ਵਾਤਾਵਰਣ ਨੂੰ ਵੀ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਆਪਣੀ ਪਹਿਲੀ ਹਾਈਡਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਵੀ ਸ਼ੁਰੂ ਕੀਤੀ ਹੈ।
ਡਿਜੀਟਲ ਖੇਤਰ ਅਤੇ ਉਤਪਾਦਨ ਵਿੱਚ ਵਾਧਾ
ਪ੍ਰਧਾਨ ਮੰਤਰੀ ਨੇ ਦੇਸ਼ ਦੀ ਡਿਜੀਟਲ ਤਕਨਾਲੋਜੀ ਅਤੇ ਨਵੀਨਤਾ ਖੇਤਰ ਦੀਆਂ ਉਪਲਬਧੀਆਂ ਵੀ ਗਿਣਾਈਆਂ। ਉਨ੍ਹਾਂ ਮੁਤਾਬਕ ਪਿਛਲੇ 12 ਸਾਲਾਂ ਵਿੱਚ ਰੱਖਿਆ ਉਤਪਾਦਨ ਲਗਭਗ ਚਾਰ ਗੁਣਾ, ਖਾਦੀ ਅਤੇ ਪਿੰਡ ਉਦਯੋਗਾਂ ਦਾ ਉਤਪਾਦਨ ਕਰੀਬ ਪੰਜ ਗੁਣਾ ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਲਗਭਗ ਸੱਤ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਰੇਲ ਕੋਚਾਂ ਦਾ ਉਤਪਾਦਨ 21 ਗੁਣਾ ਅਤੇ ਮੋਬਾਈਲ ਫੋਨ ਉਤਪਾਦਨ 33 ਗੁਣਾ ਵਧਿਆ ਹੈ। ਇੰਟਰਨੈੱਟ ਯੂਜ਼ਰਾਂ ਦੀ ਗਿਣਤੀ ਲਗਭਗ ਚਾਰ ਗੁਣਾ ਹੋਈ, ਪੇਟੈਂਟ ਮਨਜ਼ੂਰੀਆਂ ਚਾਰ ਗੁਣਾ ਵਧੀਆਂ ਅਤੇ ਡਿਜੀਟਲ ਲੈਣ-ਦੇਣ ਵਿੱਚ 100 ਗੁਣਾ ਵਾਧਾ ਦਰਜ ਕੀਤਾ ਗਿਆ।
ਆਮ ਲੋਕਾਂ ਲਈ ਸਹੂਲਤਾਂ ਵਧਾਉਣ ਦਾ ਦਾਅਵਾ
PM ਮੋਦੀ ਨੇ ਕਿਹਾ ਕਿ ਸਰਕਾਰ ਨੇ ਆਮ ਨਾਗਰਿਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਵੀ ਧਿਆਨ ਦਿੱਤਾ ਹੈ। ਉਨ੍ਹਾਂ ਮੁਤਾਬਕ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਪਹਿਲਾਂ ਦੇ ਮੁਕਾਬਲੇ 15 ਗੁਣਾ ਤੇਜ਼ ਰਫ਼ਤਾਰ ਨਾਲ, ਗੈਸ ਕਨੈਕਸ਼ਨ ਛੇ ਗੁਣਾ ਤੇਜ਼ੀ ਨਾਲ ਅਤੇ ਗਰੀਬਾਂ ਲਈ ਘਰ ਤਿੰਨ ਗੁਣਾ ਤੇਜ਼ ਰਫ਼ਤਾਰ ਨਾਲ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਟਾਇਲਟ ਬਣਾਉਣ ਦੀ ਰਫ਼ਤਾਰ ਵੀ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਵਧੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਹਜ਼ਾਰਾਂ ਕੰਪਲਾਇੰਸ ਦੀਆਂ ਸ਼ਰਤਾਂ ਖਤਮ ਕੀਤੀਆਂ ਅਤੇ ਸੈਂਕੜੇ ਪੁਰਾਣੇ ਕਾਨੂੰਨਾਂ ਨੂੰ ਰੱਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਦੇਸ਼ ਨੂੰ ਪੁਰਾਣੇ ਕਾਨੂੰਨਾਂ ਅਤੇ ਪੁਰਾਣੇ ਢਾਂਚੇ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਆਧੁਨਿਕ ਬੁਨਿਆਦੀ ਢਾਂਚੇ, ਮੈਟਰੋ ਨੈੱਟਵਰਕ ਅਤੇ ਜਨਤਕ ਆਵਾਜਾਈ ਦੇ ਵਿਸਥਾਰ ਨੂੰ ਦੇਸ਼ ਵਿੱਚ ਹੋ ਰਹੇ ਵੱਡੇ ਬਦਲਾਅ ਦਾ ਹਿੱਸਾ ਦੱਸਿਆ। PM ਮੋਦੀ ਨੇ ਸਮਾਜ ਦੇ ਵੱਖ-ਵੱਖ ਵਰਗਾਂ—ਗਰੀਬ, ਮੱਧ ਵਰਗ, ਨੌਜਵਾਨ, ਬਜ਼ੁਰਗ, ਮਹਿਲਾਵਾਂ, ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ—ਦੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਰੋੜਾਂ ਨਾਗਰਿਕਾਂ ਦੀ ਮਿਹਨਤ ਨੇ ਭਾਰਤ ਨੂੰ ਨਵੀਆਂ ਉਚਾਈਆਂ ਵੱਲ ਲਿਜਾਣ ਵਿੱਚ ਭੂਮਿਕਾ ਨਿਭਾਈ ਹੈ। ਆਜ਼ਾਦੀ ਦਿਵਸ ਸਮਾਰੋਹ ਦੌਰਾਨ PM ਮੋਦੀ ਨੇ ਲਾਲ ਕਿਲ੍ਹੇ ’ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ 1721 ਫੀਲਡ ਬੈਟਰੀ ਵੱਲੋਂ ਸਵਦੇਸ਼ੀ 105 ਐੱਮਐੱਮ ਲਾਈਟ ਫੀਲਡ ਗੰਨਾਂ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ।







