ਅੰਬਾਲਾ, 14 ਅਗਸਤ, 2026 (ਕਾਜਲ) : ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਜੈ ਸਿੰਘਲ ਨੇ ਅੱਜ ਮਿਲਟਰੀ ਹਸਪਤਾਲ ਅਤੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਅੰਬਾਲਾ ਕੈਂਟ ਵਿੱਚ ਹਾਈਵੇਅ ਜਾਮ ਖੁਲਵਾਉਣ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ। DGP ਨੇ ਡਾਕਟਰਾਂ ਤੋਂ ਜ਼ਖਮੀ ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਇਲਾਜ ਬਾਰੇ ਜਾਣਕਾਰੀ ਲਈ ਅਤੇ ਖੁਦ ਉਨ੍ਹਾਂ ਨਾਲ ਮੁਲਾਕਾਤ ਕਰਕੇ ਹੌਸਲਾ ਵਧਾਇਆ। ਉਨ੍ਹਾਂ ਜ਼ਖਮੀ ਮੁਲਾਜ਼ਮਾਂ ਦੇ ਜਲਦ ਅਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਆਪਣੇ ਜਵਾਨਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ।
ਹਾਈਵੇਅ ਜਾਮ ਖੁਲਵਾਉਂਦੇ ਸਮੇਂ ਪੁਲਿਸ ‘ਤੇ ਹਮਲਾ
ਅੰਬਾਲਾ ਕੈਂਟ ਵਿੱਚ ਹਾਈਵੇਅ ‘ਤੇ ਲੱਗੇ ਜਾਮ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਪੁਲਿਸ ਟੀਮ ‘ਤੇ ਹਮਲਾ ਹੋਣ ਦੀ ਜਾਣਕਾਰੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਲਗਭਗ 6 ਤੋਂ 7 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਪੁਲਿਸ ਨੇ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਆਮ ਲੋਕਾਂ ਦੀ ਆਵਾਜਾਈ ਸੁਚਾਰੂ ਕਰਨ ਲਈ ਸੰਯਮ ਨਾਲ ਕਾਰਵਾਈ ਕਰਦਿਆਂ ਹਾਲਾਤ ‘ਤੇ ਕਾਬੂ ਪਾਇਆ ਅਤੇ ਹਾਈਵੇਅ ‘ਤੇ ਆਵਾਜਾਈ ਬਹਾਲ ਕਰਵਾਈ।ਜ਼ਖਮੀ ਪੁਲਿਸ ਮੁਲਾਜ਼ਮਾਂ ਵਿੱਚ DSP ਵੀਰੇਂਦਰ ਸ਼ਰਮਾ, ਕਾਂਸਟੇਬਲ ਰਕਸ਼ਿਤ ਅਤੇ ਨਵੀਨ ਕੁਮਾਰ, ਹੈੱਡ ਕਾਂਸਟੇਬਲ ਸੰਦੀਪ ਕੁਮਾਰ, ਸਹਾਇਕ ਸਬ-ਇੰਸਪੈਕਟਰ ਸਤੀਸ਼ ਅਤੇ ASI ਪੰਕਜ ਸ਼ਾਮਲ ਹਨ। DSP ਵੀਰੇਂਦਰ ਸ਼ਰਮਾ ਦੇ ਅੰਗੂਠੇ ‘ਤੇ ਗੰਭੀਰ ਸੱਟ ਲੱਗੀ ਹੈ, ਜਦਕਿ ASI ਪੰਕਜ ਦੀਆਂ ਉਂਗਲਾਂ ‘ਤੇ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।
ਕਾਨੂੰਨ-ਵਿਵਸਥਾ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ
DGP ਅਜੈ ਸਿੰਘਲ ਨੇ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਪੂਰੀ ਹਿੰਮਤ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਸ਼ਿਕਾਇਤਾਂ ਅਤੇ ਮੰਗਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਉਠਾਇਆ ਜਾਵੇ, ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ ਅਤੇ ਜਨਤਕ ਸੜਕਾਂ ‘ਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਤੋਂ ਬਚਿਆ ਜਾਵੇ। ਇਸ ਮੌਕੇ IGP ਪੰਕਜ ਨੈਨ, ਡਿਪਟੀ ਕਮਿਸ਼ਨਰ ਸਚਿਨ ਗੁਪਤਾ ਅਤੇ SDM ਕਨਿਕਾ ਗੋਇਲ ਵੀ ਮੌਜੂਦ ਸਨ।






