ਸ਼ਿਮਲਾ, 12 ਅਗਸਤ 2026 (ਜਗਦੇਵ ਸਿੰਘ ਜੱਗੀ) : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ 30 ਜੂਨ ਤੋਂ 11 ਅਗਸਤ ਤੱਕ ਸੂਬੇ ਵਿੱਚ ਮੀਂਹ, ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਕਾਰਨ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰੀ ਜਾਇਦਾਦ ਨੂੰ ਹੋਇਆ ਨੁਕਸਾਨ ₹910.35 ਕਰੋੜ ਤੱਕ ਪਹੁੰਚ ਗਿਆ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ (SEOC) ਦੀ ਤਾਜ਼ਾ ਰਿਪੋਰਟ ਅਨੁਸਾਰ ਇਸ ਸਮੇਂ ਸੂਬੇ ਵਿੱਚ 204 ਸੜਕਾਂ ਆਵਾਜਾਈ ਲਈ ਬੰਦ ਹਨ। ਇਨ੍ਹਾਂ ਵਿੱਚ ਦੋ ਕੌਮੀ ਮਾਰਗ—NH-154 ਅਤੇ NH-21—ਵੀ ਸ਼ਾਮਲ ਹਨ।
ਮੰਡੀ ਸਭ ਤੋਂ ਵੱਧ ਪ੍ਰਭਾਵਿਤ
ਸੜਕਾਂ ਦੇ ਮਾਮਲੇ ਵਿੱਚ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 80 ਸੜਕਾਂ ਬੰਦ ਪਈਆਂ ਹਨ। ਮੰਡੀ-ਕੁੱਲੂ ਮਾਰਗ ਵੀ ਜਲੋਗੀ ਦੁਆੜਾ ਨੇੜੇ ਪ੍ਰਭਾਵਿਤ ਹੋਇਆ ਹੈ। ਕੁੱਲੂ ਵਿੱਚ 56 ਅਤੇ ਸਿਰਮੌਰ ਵਿੱਚ 23 ਸੜਕਾਂ ਬੰਦ ਹਨ। ਸੜਕਾਂ ਦੀ ਲਗਾਤਾਰ ਬੰਦੀ ਕਾਰਨ ਜ਼ਿਲ੍ਹਿਆਂ ਦਰਮਿਆਨ ਆਵਾਜਾਈ ਦੇ ਨਾਲ-ਨਾਲ ਜ਼ਰੂਰੀ ਸਾਮਾਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਬਿਜਲੀ ਅਤੇ ਪਾਣੀ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ
ਮਾਨਸੂਨ ਦੀ ਮਾਰ ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਢਾਂਚੇ ’ਤੇ ਵੀ ਪਈ ਹੈ। ਸੂਬੇ ਵਿੱਚ 45 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਰੀਜਨ (DTRs) ਇਸ ਵੇਲੇ ਬੰਦ ਹਨ। ਇਨ੍ਹਾਂ ਵਿੱਚੋਂ 41 ਸਿਰਮੌਰ ਦੇ ਨਾਹਨ ਸਬ-ਡਿਵੀਜ਼ਨ ਵਿੱਚ ਹਨ। ਇਸੇ ਤਰ੍ਹਾਂ ਲਗਭਗ 82 ਪਾਣੀ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸਿਰਮੌਰ ਵਿੱਚ 31, ਹਮੀਰਪੁਰ ਵਿੱਚ 11 ਅਤੇ ਮੰਡੀ ਵਿੱਚ 8 ਪਾਣੀ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਹੈ।
ਆਫ਼ਤਾਂ ਕਾਰਨ 70 ਮੌਤਾਂ
43 ਦਿਨਾਂ ਦੌਰਾਨ ਸਿੱਧੀਆਂ ਆਫ਼ਤਾਂ ਵਿੱਚ 70 ਲੋਕਾਂ ਦੀ ਜਾਨ ਗਈ। ਇਨ੍ਹਾਂ ਵਿੱਚੋਂ 14 ਮੌਤਾਂ ਜ਼ਮੀਨ ਖਿਸਕਣ, 23 ਲੋਕਾਂ ਦੀ ਮੌਤ ਉੱਚੀਆਂ ਢਲਾਣਾਂ, ਪੱਥਰਾਂ ਜਾਂ ਦਰੱਖਤਾਂ ਤੋਂ ਡਿੱਗਣ ਕਾਰਨ ਹੋਈ। ਇਸ ਤੋਂ ਇਲਾਵਾ ਸੱਪ ਦੇ ਡੱਸਣ ਨਾਲ 7, ਕਰੰਟ ਲੱਗਣ ਨਾਲ 6 ਅਤੇ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ 4 ਲੋਕਾਂ ਦੀ ਮੌਤ ਹੋਈ। ਲਾਹੌਲ-ਸਪੀਤੀ ਵਿੱਚ 14 ਆਫ਼ਤ-ਸਬੰਧੀ ਮੌਤਾਂ ਸਭ ਤੋਂ ਵੱਧ ਦਰਜ ਕੀਤੀਆਂ ਗਈਆਂ, ਜਦਕਿ ਕਾਂਗੜਾ ਵਿੱਚ 12 ਮੌਤਾਂ ਹੋਈਆਂ। ਇਸ ਤੋਂ ਇਲਾਵਾ ਇਸੇ ਸਮੇਂ ਦੌਰਾਨ 93 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿੱਚ ਹੋਈ। ਚੰਬਾ ਵਿੱਚ 16, ਕੁੱਲੂ ਵਿੱਚ 13, ਸਿਰਮੌਰ ਵਿੱਚ 12 ਅਤੇ ਸ਼ਿਮਲਾ ਵਿੱਚ 11 ਸੜਕ ਹਾਦਸਿਆਂ ਨਾਲ ਜੁੜੀਆਂ ਮੌਤਾਂ ਦਰਜ ਕੀਤੀਆਂ ਗਈਆਂ।
ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ
ਮਾਨਸੂਨ ਕਾਰਨ ਸਰਕਾਰੀ ਜਾਇਦਾਦ ਨੂੰ ਹੋਇਆ ਕੁੱਲ ਨੁਕਸਾਨ ਲਗਭਗ ₹910.35 ਕਰੋੜ ਹੋ ਗਿਆ ਹੈ। ਇਸ ਵਿੱਚ ਲੋਕ ਨਿਰਮਾਣ ਵਿਭਾਗ (PWD) ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿਸ ਦਾ ਅੰਦਾਜ਼ਾ ₹686.36 ਕਰੋੜ ਲਗਾਇਆ ਗਿਆ ਹੈ। ਬਿਜਲੀ ਖੇਤਰ ਨੂੰ ਲਗਭਗ ₹203.90 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ 12 ਜ਼ਿਲ੍ਹਿਆਂ ਵਿੱਚ ਮਕਾਨਾਂ, ਹੋਰ ਨਿੱਜੀ ਢਾਂਚਿਆਂ, ਪਸ਼ੂਧਨ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਵੱਲੋਂ ਬੰਦ ਸੜਕਾਂ ਨੂੰ ਖੋਲ੍ਹਣ, ਮਲਬਾ ਹਟਾਉਣ, ਬਿਜਲੀ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਪ੍ਰਭਾਵਿਤ ਪਿੰਡਾਂ ਨਾਲ ਸੰਪਰਕ ਮੁੜ ਸਥਾਪਤ ਕਰਨ ਲਈ ਰਾਹਤ ਤੇ ਬਹਾਲੀ ਕਾਰਜ ਜਾਰੀ ਹਨ। ਹਾਲਾਂਕਿ ਲਗਾਤਾਰ ਹੋ ਰਹੀ ਬਾਰਿਸ਼ ਅਤੇ ਮੁੜ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਬਚਾਅ ਤੇ ਬਹਾਲੀ ਮੁਹਿੰਮ ਲਈ ਚੁਣੌਤੀਆਂ ਅਜੇ ਵੀ ਬਰਕਰਾਰ ਹਨ।






