ਨਵੀਂ ਦਿੱਲੀ, 5 ਅਗਸਤ, 2026 (ਹਰਸ਼ਪ੍ਰੀਤ ਕੌਰ) : 15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਪੁਲਿਸ ਨੇ ਰਾਜਧਾਨੀ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ। ਲਾਲ ਕਿਲ੍ਹੇ ਅਤੇ ਹੋਰ ਅਹਿਮ ਥਾਵਾਂ ‘ਤੇ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ।
ਸੁਰੱਖਿਆ ਪ੍ਰਬੰਧਾਂ ਤਹਿਤ ਏਆਈ-ਆਧਾਰਿਤ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ, ਬੰਬ ਨਿਰੋਧਕ ਦਸਤੇ, ਡਾਗ ਸਕੁਆਡ, ਸਨਾਈਪਰ ਅਤੇ ਕੁਇੱਕ ਰਿਐਕਸ਼ਨ ਟੀਮਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਲਾਲ ਕਿਲ੍ਹੇ ਵਿੱਚ ਦਾਖ਼ਲੇ ਲਈ ਬਹੁ-ਪੱਧਰੀ ਜਾਂਚ ਪ੍ਰਕਿਰਿਆ ਅਪਣਾਈ ਜਾਵੇਗੀ।
ਖੁਫੀਆ ਜਾਣਕਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ, ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸਰਕਾਰੀ ਇਮਾਰਤਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਰੋਹ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।






