ਚੰਡੀਗੜ੍ਹ, 26 ਜੁਲਾਈ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲਕਦਮੀ ਤੋਂ ਪ੍ਰੇਰਿਤ ‘ਇੱਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਯਮੁਨਾਨਗਰ ਦੇ ਪੁਲਿਸ ਲਾਈਨਜ਼ ਵਿਖੇ ‘ਨਸ਼ੇ ਸੇ ਜੰਗ – ਯਮੁਨਾਨਗਰ ਕੇ ਸੰਗ’ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੌਦਾ ਲਗਾਇਆ। ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਪੁਲਿਸ ਸ਼ਹੀਦੀ ਸਮਾਰਕ ‘ਤੇ ਕਾਰਗਿਲ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਹਾਨ ਕੁਰਬਾਨੀ ਦੇਸ਼ ਨੂੰ ਹਮੇਸ਼ਾ ਦੇਸ਼ ਭਗਤੀ, ਦਲੇਰੀ ਅਤੇ ਅਟੁੱਟ ਫਰਜ਼ ਦੀ ਭਾਵਨਾ ਦੀ ਪ੍ਰੇਰਨਾ ਦਿੰਦੀ ਰਹੇਗੀ।
ਵਾਤਾਵਰਣ ਦੀ ਸੰਭਾਲ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦਰੱਖਤ ਨਾ ਸਿਰਫ਼ ਸਾਫ਼-ਸੁਥਰੇ ਵਾਤਾਵਰਣ ਲਈ ਜ਼ਰੂਰੀ ਹਨ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਵਿਰਾਸਤ ਹਨ, ਇਸ ਲਈ ਹਰ ਨਾਗਰਿਕ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੁਦਰਤ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਯਮੁਨਾਨਗਰ ਦੇ ਪੁਲਿਸ ਲਾਈਨਜ਼ ਕੈਂਪਸ ਵਿੱਚ ਇੱਕ ਵਿਸ਼ੇਸ਼ ਮੁਹਿੰਮ ਤਹਿਤ ਲਗਭਗ 1,500 ਪੌਦੇ ਲਾਏ ਜਾਣਗੇ। ਡੀ.ਏ.ਵੀ. ਸਕੂਲ ਪੁਲਿਸ ਲਾਈਨਜ਼ ਦੇ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਉਪਰਾਲੇ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ, ਸਾਬਕਾ ਮੰਤਰੀ ਕੰਵਰ ਪਾਲ ਗੁਰਜਰ, ਸਾਬਕਾ ਵਿਧਾਇਕ ਬਲਵੰਤ ਸਿੰਘ, ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਅਤੇ ਐਸ.ਪੀ. ਕਮਲਦੀਪ ਗੋਇਲ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।








