ਹਰਿਆਣਾ 16 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ): ਇੱਕ ਮਹਿਲਾ ਕਲਾਕਾਰ ਨੇ ਹਰਿਆਣਵੀ ਫਿਲਮ ਅਦਾਕਾਰ ਅਤੇ ਨਿਰਮਾਤਾ ਉੱਤਰ ਕੁਮਾਰ ‘ਤੇ ਵਿਆਹ ਦੇ ਬਹਾਨੇ ਅਤੇ ਫਿਲਮਾਂ ਵਿੱਚ ਕੰਮ ਦਿਵਾਉਣ ਦੇ ਬਹਾਨੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਤੇ ਕਾਰਵਾਈ ਕਰਦਿਆਂ ਗਾਜ਼ੀਆਬਾਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ਾਲੀਮਾਰ ਗਾਰਡਨ ਪੁਲਿਸ ਸਟੇਸ਼ਨ ਦੇ ਅਨੁਸਾਰ, ਪੀੜਤਾ ਨੇ ਜੁਲਾਈ ਵਿੱਚ ਐਫ.ਆਈ.ਆਰ. ਦਰਜ ਕਰਵਾਈ ਸੀ। ਦੋਸ਼ ਲਗਾਇਆ ਸੀ ਕਿ 5 ਸਾਲ ਪਹਿਲਾਂ ਜਦੋਂ ਉਹ ਉਸ ਦੇ ਸੰਪਰਕ ਵਿੱਚ ਆਈ ਤਾਂ ਉਸਨੇ ਫਿਲਮਾਂ ਵਿਚ ਰੋਲ ਦੇਣ ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਦਫਤਰ ਜਾਂ ਫਾਰਮ ਹਾਊਸ ਵਿਚ ਬੁਲਾ ਲੈਂਦਾ ਸੀ ਤੇ ਉਸ ਨਾਲ ਜਿਸਮਾਨੀ ਸਬੰਧ ਬਣਾ ਲਏ ਸਨ। ਜਦੋਂ ਔਰਤ ਨੇ ਵਿਆਹ ਅਤੇ ਕੰਮ ਦੀ ਮੰਗ ਕੀਤੀ, ਤਾਂ ਉਸਨੇ ਇਨਕਾਰ ਕਰ ਦਿੱਤਾ ਅਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਕੀਤੀ। ਇਸ ਮਾਮਲੇ ਵਿੱਚ ਪਹਿਲਾਂ ਵੀ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਵਿਰੋਧ ਵਿੱਚ, ਪੀੜਤਾ ਨੇ 6 ਸਤੰਬਰ ਨੂੰ ਲਖਨਊ ਵਿੱਚ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਆਤਮਦਾਹ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ, ਡੀ.ਸੀ.ਪੀ. ਟ੍ਰਾਂਸ ਹਿੰਡਨ ਨੇ ਮਾਮਲੇ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ। ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਉੱਤਰ ਕੁਮਾਰ ਦੀ ਤਬੀਅਤ ਅਚਾਨਕ ਬਿਗੜ ਗਈ ਤੇ ਉਸਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਲਦ ਹੀ ਉਸ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਤੇ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।







