ਚੰਡੀਗੜ੍ਹ, 24 ਜੁਲਾਈ, 2026 (ਵਿਸ਼ਾਲ ਗੁਪਤਾ): ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦਾ ਸੂਓ ਮੋਟੋ ਨੋਟਿਸ (ਖ਼ੁਦ ਨੋਟਿਸ) ਲੈਂਦਿਆਂ ਐੱਸ.ਐੱਸ.ਪੀ. ਬਰਨਾਲਾ ਤੋਂ ਰਿਪੋਰਟ ਤਲਬ ਕੀਤੀ ਹੈ।
ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕਮਿਸ਼ਨ ਨੇ ਐੱਸ.ਐੱਸ.ਪੀ. ਬਰਨਾਲਾ ਨੂੰ ਸੂਓ ਮੋਟੋ ਨੋਟਿਸ ਜਾਰੀ ਕਰਕੇ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦੇ ਸਬੰਧ ਵਿੱਚ ਰਿਪੋਰਟ ਮੰਗੀ ਹੈ।
ਗੜ੍ਹੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਹਲਕਾ ਫਿਲੌਰ ਦੀ ਰਹਿਣ ਵਾਲੀ ਅਨੂ ਨਾਮ ਦੀ ਅਨੁਸੂਚਿਤ ਜਾਤੀ ਦੀ ਲੜਕੀ ਦੇ ਕਤਲ ਮਾਮਲੇ ਵਿੱਚ ਕਾਰਵਾਈ ਨਾ ਹੋਣ ਦੇ ਸਬੰਧ ਵਿੱਚ ਐੱਸ.ਐੱਸ.ਪੀ. ਜਲੰਧਰ ਤੋਂ ਵੀ ਰਿਪੋਰਟ ਮੰਗੀ ਗਈ ਹੈ। ਇਸ ਤੋਂ ਇਲਾਵਾ ਪਿੰਡ ਸਹੂੰਗੜਾ ਦੇ ਸ਼ਮਸ਼ਾਨਘਾਟ ਨਾਲ ਸਬੰਧਤ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ 28 ਜੁਲਾਈ ਤੱਕ ਰਿਪੋਰਟ ਮੰਗੀ ਗਈ ਹੈ।








