ਪਟਿਆਲਾ: 20 ਜੁਲਾਈ 2026 (ਛਤਰਪਾਲ ਸਿੰਘ) : ਲੀਗਲ ਏਡ ਡਿਫੈਂਸ ਕਾਊਂਸਲ (LADC) ਸਿਸਟਮ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਬਾਰ ਐਸੋਸੀਏਸ਼ਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤਹਿਤ ਪਟਿਆਲਾ ਬਾਰ ਐਸੋਸੀਏਸ਼ਨ ਦੇ ਤਿੰਨ ਸੀਨੀਅਰ ਵਕੀਲ ਪਹਿਲੇ ਦਿਨ ਭੁੱਖ ਹੜਤਾਲ ‘ਤੇ ਬੈਠੇ।
ਭੁੱਖ ਹੜਤਾਲ ‘ਤੇ ਬੈਠਣ ਵਾਲਿਆਂ ਵਿੱਚ ਪਟਿਆਲਾ ਬਾਰ ਐਸੋਸੀਏਸ਼ਨ ਦੇ ਤਿੰਨ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਜਤਿੰਦਰ ਸਿੰਘ ਘੁੰਮਣ, ਐਡਵੋਕੇਟ ਕੁਲਦੀਪ ਕੁਮਾਰ ਅਤੇ ਐਡਵੋਕੇਟ ਜੌਹਨਪ੍ਰੀਤ ਸਿੰਘ ਸ਼ਾਮਲ ਹਨ। ਵਕੀਲਾਂ ਨੇ ਕਿਹਾ ਕਿ ਇਹ ਲੜੀਵਾਰ ਭੁੱਖ ਹੜਤਾਲ ਰੋਜ਼ਾਨਾ ਜਾਰੀ ਰਹੇਗੀ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਵਕੀਲ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਵਕੀਲ ਭਾਈਚਾਰੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਅੱਜ ਆਪਣੇ ਹੱਕਾਂ ਅਤੇ ਇਨਸਾਫ਼ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕਿ LADC ਸਿਸਟਮ ਨੂੰ ਰੱਦ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦੇ ਅਨੁਸਾਰ ਇਹ ਪ੍ਰਣਾਲੀ ਵਕੀਲਾਂ ਦੇ ਹਿੱਤਾਂ ਅਤੇ ਰਵਾਇਤੀ ਕਾਨੂੰਨੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀ ਹੈ।
ਵਕੀਲਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ‘ਤੇ ਜਲਦੀ ਕੋਈ ਫੈਸਲਾ ਨਾ ਲਿਆ ਗਿਆ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਵਕੀਲ ਭਾਈਚਾਰੇ ਦੇ ਹੱਕਾਂ ਅਤੇ ਨਿਆਂ ਪ੍ਰਣਾਲੀ ਦੇ ਹਿੱਤ ਵਿੱਚ ਲੜਿਆ ਜਾ ਰਿਹਾ ਹੈ।








