Homeਦੇਸ਼ਦਿੱਲੀ 'ਚ 'ਐਕਸਪਾਇਰਡ' ਖਾਣ-ਪੀਣ ਦਾ ਸਾਮਾਨ ਵੇਚਣ ਦਾ ਮਾਮਲਾ: NHRC ਸਖ਼ਤ, FSSAI...

ਦਿੱਲੀ ‘ਚ ‘ਐਕਸਪਾਇਰਡ’ ਖਾਣ-ਪੀਣ ਦਾ ਸਾਮਾਨ ਵੇਚਣ ਦਾ ਮਾਮਲਾ: NHRC ਸਖ਼ਤ, FSSAI ਤੇ ਸਿਹਤ ਮੰਤਰਾਲੇ ਨੂੰ ਨੋਟਿਸ

ਦਿੱਲੀ:3ਜੁਲਾਈ (ਛਤਰਪਾਲ ਸਿੰਘ):ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ (NHRC) ਨੇ ਦਿੱਲੀ ਦੇ ਓਖਲਾ ਇਲਾਕੇ ਵਿੱਚ ਮਿਆਦ ਪੁੱਗੇ (Expired) ਪੈਕਡ ਖਾਦ ਪਦਾਰਥਾਂ ‘ਤੇ ਨਵੇਂ ਲੇਬਲ ਲਗਾ ਕੇ ਮੁੜ ਬਾਜ਼ਾਰ ਵਿੱਚ ਵੇਚੇ ਜਾਣ ਦੇ ਗੰਭੀਰ ਦੋਸ਼ਾਂ ਦਾ ਸਖ਼ਤ ਨੋਟਿਸ ਲਿਆ ਹੈ। ਆਯੋਗ ਨੇ ਇਸ ਮਾਮਲੇ ਵਿੱਚ ਕੇਂਦਰੀ ਸਿਹਤ ਮੰਤਰਾਲੇ, ਖਾਦ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੂੰ ਤੁਰੰਤ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ।

ਆਯੋਗ ਨੇ ਕਿਹਾ ਕਿ ਜਾਣਬੁੱਝ ਕੇ ਕਿਸੇ ਉਤਪਾਦ ਦੀ ਐਕਸਪਾਇਰੀ ਤਾਰੀਖ ਅਤੇ ਹੋਰ ਲਾਜ਼ਮੀ ਜਾਣਕਾਰੀ ਵਿੱਚ ਹੇਰਾਫੇਰੀ ਕਰਨਾ ਖਾਦ ਧੋਖਾਧੜੀ (Food Fraud) ਦਾ ਗੰਭੀਰ ਮਾਮਲਾ ਹੈ। ਅਜਿਹੀਆਂ ਹਰਕਤਾਂ ਰਾਹੀਂ ਉਤਪਾਦਾਂ ਦੀ ਗਲਤ ਬ੍ਰਾਂਡਿੰਗ ਅਤੇ ਭਰਮਾਉਣ ਵਾਲੀ ਲੇਬਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਨਾ ਸਿਰਫ਼ ਖਪਤਕਾਰਾਂ ਦਾ ਭਰੋਸਾ ਟੁੱਟਦਾ ਹੈ, ਸਗੋਂ ਖਾਦ ਸੁਰੱਖਿਆ ਦੇ ਨਿਯਮਾਂ ਦੀ ਵੀ ਉਲੰਘਣਾ ਹੁੰਦੀ ਹੈ।

ਇਹ ਕਾਰਵਾਈ ਨੈੱਟਵਰਕ ਫਾਰ ਐਕਸੈੱਸ ਟੂ ਜਸਟਿਸ ਐਂਡ ਮਲਟੀਡਿਸ਼ਪਲਿਨਰੀ ਆਊਟਰੀਚ ਫਾਊਂਡੇਸ਼ਨ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੁਝ ਲੋਕ ਯੋਜਨਾਬੱਧ ਢੰਗ ਨਾਲ ਵੱਖ-ਵੱਖ ਖਪਤਕਾਰ ਉਤਪਾਦਾਂ ਤੋਂ ਅਸਲ ਐਕਸਪਾਇਰੀ ਲੇਬਲ ਹਟਾ ਕੇ ਉਨ੍ਹਾਂ ਦੀ ਥਾਂ ਜਾਅਲੀ ਤਾਰੀਖਾਂ ਵਾਲੇ ਨਵੇਂ ਲੇਬਲ ਲਗਾ ਰਹੇ ਹਨ, ਜਿਸ ਨਾਲ ਖਰੀਦਦਾਰਾਂ ਨੂੰ ਧੋਖੇ ਨਾਲ ਮਿਆਦ ਪੁੱਗਿਆ ਜਾਂ ਸੰਭਾਵਿਤ ਤੌਰ ‘ਤੇ ਖ਼ਤਰਨਾਕ ਸਮਾਨ ਵੇਚਿਆ ਜਾ ਰਿਹਾ ਹੈ।

ਐਨਐਚਆਰਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਇੱਕ ਬਹੁਤ ਹੀ ਗੰਭੀਰ ਅਤੇ ਸੰਗਠਿਤ ਧੋਖਾਧੜੀ ਹੋਵੇਗੀ। ਇਸ ਨਾਲ ਆਮ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਹੋਰ ਸੰਵੇਦਨਸ਼ੀਲ ਵਰਗਾਂ ਦੀ ਸਿਹਤ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ, ਕਿਉਂਕਿ ਉਹ ਅਣਜਾਣੇ ਵਿੱਚ ਮਿਆਦ ਪੁੱਗੇ ਜਾਂ ਅਸੁਰੱਖਿਅਤ ਖਾਦ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ।

ਆਧਿਕਾਰਿਕ ਜਾਣਕਾਰੀ ਅਨੁਸਾਰ, ਇਸ ਧੋਖਾਧੜੀ ਦਾ ਸ਼ਿਕਾਰ ਬਣਾਏ ਜਾ ਰਹੇ ਉਤਪਾਦਾਂ ਵਿੱਚ ਹੈਲਥ ਡ੍ਰਿੰਕਸ, ਇੰਸਟੈਂਟ ਫੂਡ ਅਤੇ ਵੱਖ-ਵੱਖ ਪੀਣ ਵਾਲੇ ਪਦਾਰਥ ਸ਼ਾਮਲ ਹਨ। ਐਨਐਚਆਰਸੀ ਨੇ ਸੰਬੰਧਿਤ ਵਿਭਾਗਾਂ ਨੂੰ ਦੋ ਹਫ਼ਤਿਆਂ ਅੰਦਰ ਵਿਸਥਾਰਪੂਰਵਕ ਐਕਸ਼ਨ ਟੇਕਨ ਰਿਪੋਰਟ (ATR) ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਖਾਦ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਖ਼ਤਰੇ ਨੂੰ ਰੋਕਿਆ ਜਾ ਸਕੇ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments