ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ, 1,000 ਤੋਂ ਵੱਧ ਸਿਗਰਟ ਪੈਕਟ ਸਮੇਤ ਹਜ਼ਾਰਾਂ ਲੂਜ਼ ਸਿਗਰਟਾਂ ਜ਼ਬਤ
ਪਟਿਆਲਾ, 2 ਜੁਲਾਈ: (ਮਨੋਜ ਵਰਮਾ): ਪਟਿਆਲਾ ਵਿੱਚ ਤੰਬਾਕੂ ਉਤਪਾਦਾਂ ਦੀ ਗੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਦੁਕਾਨ ਤੋਂ ਵੱਡੀ ਮਾਤਰਾ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਵੇਚੇ ਜਾ ਰਹੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਜ਼ਬਤ ਕੀਤੇ ਹਨ। ਇਹ ਕਾਰਵਾਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ (ਕੋਟਪਾ) ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਈ ਗਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਤਹਿਤ ਕੀਤੀ ਗਈ।

ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਦੋ ਸਾਂਝੀਆਂ ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ। ਟੀਮਾਂ ਦੀ ਅਗਵਾਈ ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ ਅਤੇ ਐਨਟੀਸੀਪੀ ਦੇ ਨੋਡਲ ਅਫ਼ਸਰ ਡਾ. ਇੰਦਰਪ੍ਰੀਤ ਰੰਧਾਵਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਅਤੇ ਜੋਨਲ ਲਾਈਸੈਂਸਿੰਗ ਅਥਾਰਟੀ ਡਾ. ਨਵਜੋਤ ਕੌਰ ਨੇ ਕੀਤੀ।
ਮੁਹਿੰਮ ਦੌਰਾਨ ਲਾਹੌਰੀ ਗੇਟ, ਤ੍ਰਿਵੇਣੀ ਚੌਂਕ, ਸੰਤ ਨਗਰ, ਸਰਹੰਦੀ ਬਾਜ਼ਾਰ, ਸਰਹੰਦੀ ਗੇਟ, ਤ੍ਰਿਪੜੀ ਅਤੇ ਅਰਨਾ-ਬਰਨਾ ਚੌਂਕ ਸਮੇਤ ਸ਼ਹਿਰ ਦੇ 10 ਇਲਾਕਿਆਂ ਵਿੱਚ ਤੰਬਾਕੂ ਉਤਪਾਦ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ।
ਜਾਂਚ ਦੌਰਾਨ ਇੱਕ ਦੁਕਾਨ ਤੋਂ ਬਿਨਾਂ ਲਾਜ਼ਮੀ ਤਸਵੀਰੀ ਸਿਹਤ ਚੇਤਾਵਨੀ ਵਾਲੇ 1,038 ਸਿਗਰਟ ਪੈਕਟ, 179 ਸਿਗਾਰ ਅਤੇ 2,160 ਲੂਜ਼ ਸਿਗਰਟਾਂ ਸਮੇਤ ਕੁੱਲ 28 ਤਰ੍ਹਾਂ ਦੇ ਤੰਬਾਕੂ ਉਤਪਾਦ ਬਰਾਮਦ ਹੋਏ। ਸਾਰਾ ਸਟਾਕ ਕੋਟਪਾ ਐਕਟ ਦੀ ਧਾਰਾ 7 ਅਧੀਨ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ।
ਸਿਹਤ ਵਿਭਾਗ ਨੇ ਸੰਬੰਧਿਤ ਦੁਕਾਨਦਾਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਡਾ. ਇੰਦਰਪ੍ਰੀਤ ਰੰਧਾਵਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਉਤਪਾਦਾਂ ‘ਤੇ ਤਸਵੀਰੀ ਸਿਹਤ ਚੇਤਾਵਨੀਆਂ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਵਪਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।







