Homeਸੰਸਾਰਟਰੰਪ ਦਾ ਕਾਰਜਕਾਰੀ ਹੁਕਮ ਰੱਦ; ਅਮਰੀਕਾ 'ਚ ਜਨਮੇ ਬੱਚਿਆਂ ਨੂੰ ਮਿਲਦੀ ਰਹੇਗੀ...

ਟਰੰਪ ਦਾ ਕਾਰਜਕਾਰੀ ਹੁਕਮ ਰੱਦ; ਅਮਰੀਕਾ ‘ਚ ਜਨਮੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ

ਵਾਸ਼ਿੰਗਟਨ ਡੀ.ਸੀ. [ਅਮਰੀਕਾ], 1 ਜੁਲਾਈ (ਸੰਜੀਵ ਸ਼ਰਮਾ): ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ (Executive Order) ਨੂੰ ਰੱਦ ਕਰਦਿਆਂ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਦੇ ਕਾਨੂੰਨ ਨੂੰ ਬਰਕਰਾਰ ਰੱਖਿਆ ਹੈ।

ਅਮਰੀਕੀ ਪ੍ਰਸਾਰਕ ਸੀ.ਐੱਨ.ਐੱਨ. (CNN) ਨੇ ਅਦਾਲਤੀ ਦਸਤਾਵੇਜ਼ ਸਾਂਝਾ ਕੀਤਾ ਹੈ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਜਾਂ ਅਸਥਾਈ ਤੌਰ ‘ਤੇ ਰਹਿ ਰਹੇ ਮਾਪਿਆਂ ਦੇ ਘਰ ਪੈਦਾ ਹੋਣ ਵਾਲੇ ਬੱਚੇ ਸੰਵਿਧਾਨ ਦੀ ਚੌਧਵੀਂ ਸੋਧ (Fourteenth Amendment) ਦੀ ਨਾਗਰਿਕਤਾ ਧਾਰਾ ਦੇ ਤਹਿਤ ਸਵੈ-ਚਾਲਿਤ (automatic) ਅਮਰੀਕੀ ਨਾਗਰਿਕਤਾ ਦੇ ਹੱਕਦਾਰ ਹਨ। ਅਦਾਲਤ ਨੇ ਆਪਣੇ ਇੱਕ ਪੁਰਾਣੇ ਫੈਸਲੇ ‘ਯੂਨਾਈਟਿਡ ਸਟੇਟਸ ਬਨਾਮ ਵੋਂਗ ਕਿਮ ਆਰਕ’ ‘ਤੇ ਵੀ ਭਰੋਸਾ ਜਤਾਇਆ, ਜਿਸ ਨੇ ਇਹ ਸਥਾਪਿਤ ਕੀਤਾ ਸੀ ਕਿ ਅਮਰੀਕਾ ਵਿੱਚ ਵਿਦੇਸ਼ੀ ਮਾਪਿਆਂ ਦੇ ਘਰ ਪੈਦਾ ਹੋਏ ਬੱਚੇ ਜਨਮ ਅਧਿਕਾਰ ਨਾਗਰਿਕਤਾ ਦੇ ਹੱਕਦਾਰ ਹਨ।

‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ, ਇਸ ਤੋਂ ਪਹਿਲਾਂ ਮਈ ਵਿੱਚ ਟਰੰਪ ਨੇ ਲਿਖਿਆ ਸੀ ਕਿ “ਸੁਪਰੀਮ ਕੋਰਟ ਦੇ ਹਾਲੀਆ ਟੈਰਿਫ (ਟੈਕਸ) ਫੈਸਲੇ ਦੀ ਤਬਾਹੀ ਤੋਂ ਬਾਅਦ, ਜਨਮ ਅਧਿਕਾਰ ਨਾਗਰਿਕਤਾ ‘ਤੇ ਇੱਕ ਨਕਾਰਾਤਮਕ ਫੈਸਲਾ ਸੰਯੁਕਤ ਰਾਜ ਅਮਰੀਕਾ ਲਈ ਆਰਥਿਕ ਤੌਰ ‘ਤੇ ਸਹਿਣਯੋਗ ਨਹੀਂ ਹੈ!”

ਅੱਗੇ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਦਾਲਤ ਦੇ ਤਿੰਨ ਰੂੜੀਵਾਦੀ (conservative) ਜੱਜਾਂ — ਜਸਟਿਸ ਕਲੈਰੈਂਸ ਥਾਮਸ, ਨੀਲ ਐੱਮ. ਗੋਰਸਚ ਅਤੇ ਸੈਮੂਅਲ ਏ. ਅਲੀਟੋ ਜੂਨੀਅਰ ਨੇ ਇਸ ਫੈਸਲੇ ‘ਤੇ ਅਸਹਿਮਤੀ ਜਤਾਈ। ਜਸਟਿਸ ਬ੍ਰੈਟ ਐੱਮ. ਕਵਾਨਾਗ ਇਸ ਕਾਰਜਕਾਰੀ ਹੁਕਮ ਨੂੰ ਰੱਦ ਕਰਨ ਲਈ ਅਦਾਲਤ ਦੇ ਬਹੁਮਤ ਵਿੱਚ ਸ਼ਾਮਲ ਹੋਏ, ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫੈਸਲਾ ਸੰਵਿਧਾਨ ‘ਤੇ ਨਹੀਂ, ਬਲਕਿ ਇੱਕ ਸੰਘੀ (federal) ਕਾਨੂੰਨ ‘ਤੇ ਅਧਾਰਤ ਕੀਤਾ ਹੈ।

ਨਿਊਯਾਰਕ ਟਾਈਮਜ਼ ਨੇ ਅੱਗੇ ਰੇਖਾਂਕਿਤ ਕੀਤਾ ਕਿ ਮੰਗਲਵਾਰ ਨੂੰ ਜਿਵੇਂ ਹੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮ ਨੂੰ ਰੱਦ ਕੀਤਾ, ਤਾਂ ਮਨੁੱਖੀ ਅਧਿਕਾਰ ਸਮੂਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲਾਤੀਨੀ ਸਮੂਹ ‘ਯੂਨੀਡੋਸ ਯੂਐਸ’ (UnidosUS) ਨਾਲ ਜੁੜੀ ਹੋਮਲੈਂਡ ਸਿਕਿਉਰਿਟੀ ਦੀ ਇੱਕ ਸਾਬਕਾ ਅਧਿਕਾਰੀ ਡੇਬੋਰਾਹ ਫਲੀਸ਼ਾਕਰ ਨੇ ਇਸ ਨੂੰ “ਇੱਕ ਬਹੁਤ ਵੱਡੀ ਰਾਹਤ” ਦੱਸਿਆ।

ਸੀ.ਐੱਨ.ਐੱਨ. ਨੇ ਰਿਪੋਰਟ ਦਿੱਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਦੁਆਰਾ ਉਠਾਈਆਂ ਗਈਆਂ ਮੁੱਖ ਦਲੀਲਾਂ ਵਿੱਚੋਂ ਇੱਕ ਇਹ ਸੀ ਕਿ 14ਵੀਂ ਸੋਧ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦਾ ਹੱਕਦਾਰ ਹੋਣ ਲਈ ਲੋਕਾਂ ਦਾ ਅਮਰੀਕਾ ਵਿੱਚ ਨਿਵਾਸ (domiciled) ਹੋਣਾ — ਜਾਂ ਉੱਥੇ ਰਹਿਣ ਦਾ ਇਰਾਦਾ ਹੋਣਾ — ਜ਼ਰੂਰੀ ਹੈ। ਸੁਣਵਾਈ ਦੌਰਾਨ, ਚੀਫ਼ ਜਸਟਿਸ ਜੌਨ ਰੌਬਰਟਸ ਨੇ ਅਦਾਲਤ ਵੱਲੋਂ ਲਿਖਦੇ ਹੋਏ ਕਿਹਾ, “ਨਾਗਰਿਕਤਾ, ਉਦੋਂ ਵੀ ਅਤੇ ਹੁਣ ਵੀ, ਅਧਿਕਾਰ ਰੱਖਣ ਦਾ ਇੱਕ ਅਧਿਕਾਰ ਸੀ — ਸਾਡੇ ਸਿਆਸੀ ਭਾਈਚਾਰੇ ਵਿੱਚ ਸੁਤੰਤਰ ਤੌਰ ‘ਤੇ ਹਿੱਸਾ ਲੈਣ ਦਾ। ਚੌਧਵੀਂ ਸੋਧ ਦੇ ਨਿਰਮਾਤਾਵਾਂ ਨੇ ਇਸ ਧਰਤੀ ‘ਤੇ ‘ਹਰ ਮੁਕਤ-ਜੰਮੇ ਵਿਅਕਤੀ’ ਨੂੰ ਇਹ ਵਾਅਦਾ ਦਿੱਤਾ ਸੀ। ਅਸੀਂ ਅੱਜ ਉਸ ਵਾਅਦੇ ਨੂੰ ਨਿਭਾ ਰਹੇ ਹਾਂ।”

ਟਰੰਪ ਲਈ ਇਹ ਇੱਕ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਨੇ ਦੂਜੀ ਵਾਰ ਰਾਸ਼ਟਰਪਤੀ ਬਣਨ ਲਈ ਜਿਨ੍ਹਾਂ ਮੁੱਖ ਮੁੱਦਿਆਂ ‘ਤੇ ਚੋਣ ਲੜੀ ਸੀ, ਉਨ੍ਹਾਂ ਵਿੱਚੋਂ ਇੱਕ ‘ਬਰਥ ਟੂਰਿਜ਼ਮ’ (ਨਾਗਰਿਕਤਾ ਲਈ ਬੱਚੇ ਨੂੰ ਅਮਰੀਕਾ ‘ਚ ਜਨਮ ਦੇਣਾ) ਨੂੰ ਖਤਮ ਕਰਨਾ ਸੀ, ਜਿਸ ਤਹਿਤ ਟਰੰਪ 2.0 ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵਾਂ ਤਰ੍ਹਾਂ ਦੇ ਪ੍ਰਵਾਸ (immigration) ‘ਤੇ ਸਖ਼ਤੀ ਕਰ ਰਿਹਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments