ਨੇਪਾਲ, 9 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ) : ਨੇਪਾਲ ਵਿੱਚ ਵਧ ਰਹੇ ਰੋਸ ਮੁਜ਼ਾਹਰਿਆਂ ਵਿਚਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫ਼ਾ ਦੇ ਦਿੱਤਾ ਹੈ । ਪ੍ਰਧਾਨ ਮੰਤਰੀ ਓਲੀ ਦੁਆਰਾ ਦਸਤਖ਼ਤ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਮੌਜੂਦਾ ਸੰਕਟ ਦੇ ਸੰਵਿਧਾਨਕ ਹੱਲ ਲਈ ਰਾਹ ਪੱਧਰਾ ਕਰਨ ਲਈ ਅਸਤੀਫ਼ਾ ਦੇ ਦਿੱਤਾ ਹੈ।
ਰਾਜਧਾਨੀ ਕਾਠਮਾਂਡੂ ਅਤੇ ਪੂਰੇ ਨੇਪਾਲ ਵਿੱਚ ਹੀ ਗੁੱਸੇ ਵਿੱਚ ਰੋਸ-ਮੁਜ਼ਾਹਰੇ ਹੋਏ। ਕਈ ਸਿਆਸਤਦਾਨਾਂ ਦੇ ਘਰਾਂ ‘ਤੇ ਹਮਲਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ, ਜਿਨ੍ਹਾਂ ਵਿੱਚ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੇ ਘਰ ਵੀ ਸ਼ਾਮਲ ਸਨ। ਰਾਜਨੀਤਕ ਪਾਰਟੀ ਦੇ ਮੁੱਖ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਿਵਲ ਸਰਵਿਸ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਕਿ ਮੰਗਲਵਾਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਨਾਲ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਅਤੇ 90 ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਾਲਾਂਕਿ, ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ।
ਰਾਜਧਾਨੀ ਕਾਠਮੰਡੂ ਵਿੱਚ ਹਜ਼ਾਰਾਂ ਨੌਜਵਾਨ ਸੰਸਦ ਭਵਨ ਵਿੱਚ ਜ਼ਬਰਦਸਤੀ ਦਾਖਲ ਹੋਏ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਫੇਸਬੁੱਕ, ਐਕਸ ਅਤੇ ਯੂਟਿਊਬ ਸਣੇ 26 ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਗਾਈ ਗਈ ਪਾਬੰਦੀ ਹਟਾਏ ਅਤੇ ਭ੍ਰਿਸ਼ਟਾਚਾਰ ਨਾਲ ਨਜਿੱਠੇ। ਰਿਪੋਰਟਾਂ ਮੁਤਾਬਕ, ਸੰਚਾਰ ਅਤੇ ਸੂਚਨਾ ਮੰਤਰੀ ਪ੍ਰਿਥਵੀ ਸੁਬਾ ਗੁਰੁੰਗ ਨੇ ਕਿਹਾ ਕਿ ਪਾਬੰਦੀ ਹਟਾਉਣ ਦਾ ਫ਼ੈਸਲਾ ਸੋਮਵਾਰ ਦੇਰ ਰਾਤ ‘ਜਨਰੇਸ਼ਨ ਜ਼ੀ ਦੀਆਂ ਮੰਗਾਂ ਨੂੰ ਪੂਰਾ ਕਰਨ’ ਲਈ ਹੋਈ ਐਮਰਜੈਂਸੀ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਪਾਬੰਦੀਆਂ ਅਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਸੰਸਦ ਭਵਨ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ
ਜਿਨ੍ਹਾਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ।
ਨੇਪਾਲ ਵਿੱਚ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਲੱਖਾਂ ਯੂਜ਼ਰ ਹਨ, ਜੋ ਮਨੋਰੰਜਨ, ਖ਼ਬਰਾਂ ਅਤੇ ਕਾਰੋਬਾਰ ਲਈ ਇਨ੍ਹਾਂ ‘ਤੇ ਨਿਰਭਰ ਕਰਦੇ ਹਨ। ਪਰ ਸਰਕਾਰ ਨੇ ਜਾਅਲੀ ਖ਼ਬਰਾਂ, ਨਫ਼ਰਤ ਭਰੇ ਭਾਸ਼ਣ ਅਤੇ ਆਨਲਾਈਨ ਧੋਖਾਧੜੀ ਨਾਲ ਨਜਿੱਠਣ ਦੇ ਨਾਮ ‘ਤੇ ਪਿਛਲੇ ਹਫ਼ਤੇ ਲਾਗੂ ਕੀਤੀ ਗਈ ਆਪਣੀ ਪਾਬੰਦੀ ਨੂੰ ਜਾਇਜ਼ ਠਹਿਰਾਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਕਈ ਅਧਿਕਾਰੀ ਵੀ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਮੁੱਖ ਸਰਕਾਰੀ ਇਮਾਰਤਾਂ ਦੇ ਆਲੇ-ਦੁਆਲੇ ਕਰਫ਼ਿਊ ਲਗਾ ਦਿੱਤਾ ਅਤੇ ਸੁਰੱਖਿਆ ਸਖ਼ਤ ਕਰ ਦਿੱਤੀ।









