ਸਮਾਣਾ / ਪਟਿਆਲਾ, 5 ਸਤੰਬਰ (ਜਗਪ੍ਰੀਤ ਮਹਾਜਨ)- ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ਦੇ ਹੜ੍ਹਾਂ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਪਿੰਡ ਹਰਚੰਦਪੁਰਾ ਨੇੜੇ ਕਮਜ਼ੋਰ ਹੋਏ ਘੱਗਰ ਦੇ ਬੰਨ੍ਹ ਨੂੰ ਪ੍ਰਸ਼ਾਸਨ ਨੇ ਫੌਜ ਦੀ ਮਦਦ ਨਾਲ ਮਜ਼ਬੂਤ ਕਰ ਦਿੱਤਾ ਗਿਆ ਹੈ। ਘੱਗਰ ਪੁਲ ਹਰਚੰਦਪੁਰਾ ’ਤੇ ਡਿਊਟੀ ਅਫ਼ਸਰ ਕਮ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਗੁਰਮੀਤ ਸਿੰਘ ਅਤੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਭਰ ਘੱਗਰ ਦਰਿਆ ਵਿਚ ਮਾਮੂਲੀ ਅਜਿਹਾ ਚੜ੍ਹਾਅ ਨੋਟ ਕੀਤਾ ਗਿਆ ਹੈ। ਅਜੇ ਤੱਕ ਪੰਜਾਬ ਵਾਲੇ ਪਾਸੇ ਘੱਗਰ ਸੁਰੱਖਿਅਤ ਹੈ। ਪ੍ਰਸ਼ਾਸਨ ਨੇ ਘੱਗਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਹਿ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੂਸਤੈਦ ਹੈ। ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਕਾਰਨ ਲੋਕਾਂ ਵਿਚ ਸਹਿਮ ਅਤੇ ਡਰ ਬਰਕਰਾਰ ਹੈ। ਇਲਾਕੇ ਵਿਚ ਕੱਲ੍ਹ ਸ਼ਾਮ ਤੋਂ ਮੀਂਹ ਬੰਦ ਹੈ ਅਤੇ ਹੁਣ ਤੇਜ਼ ਧੁੱਪ ਨਿਕਲੀ ਹੋਈ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਹੰਗਾਮੀ ਹਾਲਾਤ ਵਿਚ ਘਰਾਂ ਦੀ ਪਹਿਲੀ ਮੰਜ਼ਿਲ ’ਤੇ ਜਾਣ ਦੀ ਹਦਾਇਤ ਕੀਤੀ ਹੈ। ਜੇਕਰ ਕੋਈ ਨੀਵੇਂ ਖੇਤਰ ਜਾਂ ਇੱਕ ਮੰਜ਼ਿਲਾ ਘਰ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਆਖਿਆ ਹੈ। ਲੋਕਾਂ ਨੂੰ ਆਪਣੇ ਅਹਿਮ ਦਸਤਾਵੇਜ਼ਾਂ ਅਤੇ ਚੀਜ਼ਾਂ ਨੂੰ ਪਾਣੀ-ਰੋਧਕ ਬੈਗਾਂ ਵਿੱਚ ਰੱਖਣ ਜਾਂ ਨਾਲ ਲਿਜਾਣ ਲਈ ਕਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਪਹਿਲਾਂ ਤੇ ਤਰਜੀਹੀ ਅਧਾਰ ’ਤੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਉਣ ਲਈ ਕਿਹਾ ਹੈ। ਹਾਲਾਂਕਿ ਬੰਨ੍ਹ ਦੀ ਰੱਖਿਆ ਅਤੇ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ, ਜੇਕਰ ਬੰਨ੍ਹ ਵਿੱਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ, ਤਾਂ ਸਸਰਾਲੀ, ਬੰਟ, ਰਾਵਤ, ਹਵਾਸ, ਸੀਜ਼ਾ, ਬੂਥਗੜ੍ਹ ਅਤੇ ਮੰਗਲੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੇ ਹੜ੍ਹ ਦੇ ਪਾਣੀ ਨਾਲ ਘਿਰਨ ਦਾ ਵੀ ਖ਼ਤਰਾ ਹੈ।







