ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ਬਾਰਡਰ 2 ਦੇ ਸੈੱਟ ਤੋਂ ਇੱਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਭਾਰਤੀ ਹਵਾਈ ਸੈਨਾ ਦੇ ਜਾਬਾਜ਼ ਯੋਧਾ ਨਿਰਮਲ ਸਿੰਘ ਸੇਖੋਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦਿਆਂ ਦੁਸ਼ਮਣ ਦੇ 5-6 ਲੜਾਕੂ ਜਹਾਜ਼ਾਂ ਨੂੰ ਮਾਰ ਗਿਰਾ ਕੇ ਭਾਰਤ ਦਾ ਗੌਰਵ ਵਧਾਇਆ ਸੀ।
ਸਾਂਝੀ ਕੀਤੀ ਗਈ ਵੀਡੀਓ ਵਿੱਚ ਦਿਲਜੀਤ ਦੋਸਾਂਝ ਨੂੰ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਯਾਤਰਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਬੱਸ ਵਿੱਚ ਬੈਠੇ ਹੋਏ ਉਹ ਆਪਣੇ ਬੀਤੇ ਦਿਨਾਂ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਹਨ। ਦਿਲਜੀਤ ਨੇ ਦੱਸਿਆ ਕਿ ਜਦੋਂ ਵੀ ਉਹ ਪੰਜਾਬ ਰੋਡਵੇਜ਼ ਦੀ ਬੱਸ ਵੇਖਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਯਾਦ ਆ ਜਾਂਦੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਪੰਜਾਬ ਰੋਡਵੇਜ਼ ਵਿੱਚ ਸੇਵਾ ਨਿਭਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਬੱਸ ਵਿੱਚ ਬੈਠ ਕੇ ਉਨ੍ਹਾਂ ਨੂੰ ਅਜਿਹਾ ਅਹਿਸਾਸ ਹੁੰਦਾ ਹੈ ਜਿਵੇਂ ਇਹ ਉਨ੍ਹਾਂ ਦੀ ਆਪਣੀ ਹੀ ਬੱਸ ਹੋਵੇ।
ਦਿਲਜੀਤ ਦੋਸਾਂਝ ਨੇ ਭਾਵੁਕ ਲਫ਼ਜ਼ਾਂ ਵਿੱਚ ਕਿਹਾ, “ਇਹ ਬੱਸ ਬਿਲਕੁਲ ਆਪਣੇ ਘਰ ਵਰਗੀ ਲੱਗਦੀ ਹੈ। ਆਪਣਾ ਕੁਝ ਵੀ ਨਹੀਂ ਹੈ, ਪਰ ਸਭ ਕੁਝ ਆਪਣਾ ਜਿਹਾ ਲੱਗਦਾ ਹੈ। ਜੇਕਰ ਮੈਂ ਇਸ ਦੁਨੀਆ ਤੋਂ ਬਿਨਾਂ ਕੁਝ ਦੱਸੇ ਚਲਾ ਜਾਵਾਂ, ਤਾਂ ਸਮਝ ਲਿਓ ਮੈਂ ਖੁਸ਼ ਹੀ ਗਿਆ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ, ਜਹਾਜ਼ਾਂ ਵਿੱਚ ਸਫ਼ਰ ਕਰ ਲੈਣ ਜਾਂ ਵੱਡੇ-ਵੱਡੇ ਦੇਸ਼ਾਂ ਦੀ ਯਾਤਰਾ ਕਰ ਲਵਣ, ਪਰ ਆਪਣੀ ਮਿੱਟੀ ਅਤੇ ਆਪਣੇਪਣ ਦੀ ਖੁਸ਼ਬੂ ਹਮੇਸ਼ਾ ਦਿਲ ਵਿੱਚ ਵੱਸਦੀ ਰਹਿੰਦੀ ਹੈ।
ਦਿਲਜੀਤ ਦੋਸਾਂਝ ਦੀ ਇਹ ਸਾਦਗੀ ਭਰੀ ਅਤੇ ਦਿਲੋਂ ਨਿਕਲੀ ਗੱਲਾਂ ਵਾਲੀ ਵੀਡੀਓ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਦੀ ਜਮੀਨੀ ਸੋਚ, ਮਾਂ-ਬੋਲੀ ਅਤੇ ਆਪਣੀ ਮਿੱਟੀ ਨਾਲ ਅਟੁੱਟ ਜੁੜਾਵ ਦੀ ਖੁਲ ਕੇ ਪ੍ਰਸ਼ੰਸਾ ਕਰ ਰਹੇ ਹਨ।







