ਪੰਜਾਬ/ਚੰਡੀਗੜ੍ਹ: 9 ਜਨਵਰੀ (ਸ਼.ਅ.ਬਿਓਰੋ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਲੋਹੜੀ ਤੱਕ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਅਸਰ ਬਣਿਆ ਰਹੇਗਾ। ਮੌਸਮ ਵਿਭਾਗ ਨੇ 9 ਜਨਵਰੀ ਲਈ ਘਣੇ ਕੋਹਰੇ, ਸ਼ੀਤ ਲਹਿਰ ਅਤੇ ਕੋਲਡ-ਡੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਵਧਿਆ ਹੈ ਪਰ ਫਿਰ ਵੀ ਆਮ ਨਾਲੋਂ 5.5 ਡਿਗਰੀ ਘੱਟ ਹੈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਕੋਲਡ-ਡੇ ਦਰਜ ਕੀਤਾ ਗਿਆ, ਜਦਕਿ ਬਠਿੰਡਾ 5 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ।
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬਨ ਕਾਰਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਠੰਢ ਦਾ ਪ੍ਰਭਾਵ ਰਹੇਗਾ, ਜਦਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਸ਼ੀਤ ਲਹਿਰ ਚੱਲ ਸਕਦੀ ਹੈ। ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਘਣਾ ਕੋਹਰਾ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਮੌਸਮ ਆਮ ਤੌਰ ‘ਤੇ ਸੁੱਕਾ ਰਹੇਗਾ।







