ਚੰਡੀਗੜ੍ਹ, 21 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਸਰਕਾਰ ਨੇ ਸੂਬੇ ਦੇ ਪੇਂਡੂ ਅਤੇ ਦੂਰ-ਦਰਾਜ਼ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ 9 ਨਵੇਂ ਸਬ-ਹੈਲਥ ਸੈਂਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਮੌਜੂਦਾ ਸਬ-ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਪ੍ਰਾਇਮਰੀ ਹੈਲਥ ਸੈਂਟਰ (PHC) ਬਣਾਇਆ ਜਾਵੇਗਾ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮਨਜ਼ੂਰੀ ਤੋਂ ਬਾਅਦ ਪੇਂਡੂ ਸਿਹਤ ਨੈੱਟਵਰਕ ਦੇ ਵਿਸਥਾਰ ਦੀ ਪ੍ਰਕਿਰਿਆ ਅੱਗੇ ਵਧੇਗੀ। ਨਵੇਂ 9 ਸੈਂਟਰਾਂ ਵਿੱਚੋਂ 7 ਨੂਹ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਜਾਣਗੇ। ਨੂਹ ਜ਼ਿਲ੍ਹੇ ਦੇ ਰਾਨੀਕਾ, ਦੇਵਲਾ ਨੰਗਲੀ, ਮਹੂੰ, ਗੌਧੋਲਾ, ਲਾਫੂਰੀ, ਬਰੇੜ ਅਤੇ ਚਿਲਾ ਪਿੰਡਾਂ ਵਿੱਚ ਨਵੇਂ ਸਬ-ਹੈਲਥ ਸੈਂਟਰ ਬਣਾਏ ਜਾਣਗੇ। ਇਸ ਤੋਂ ਇਲਾਵਾ ਰੇਵਾੜੀ ਜ਼ਿਲ੍ਹੇ ਦੇ ਭੰਡੋਰ ਅਤੇ ਸਿਰਸਾ ਜ਼ਿਲ੍ਹੇ ਦੇ ਮੋਚੀਵਾਲੀ ਪਿੰਡ ਵਿੱਚ ਵੀ ਇੱਕ-ਇੱਕ ਸਬ-ਹੈਲਥ ਸੈਂਟਰ ਖੋਲ੍ਹਿਆ ਜਾਵੇਗਾ।
ਰਾਂਸਿਕਾ ਦਾ ਸਿਹਤ ਕੇਂਦਰ ਬਣੇਗਾ PHC
ਗੁਰੂਗ੍ਰਾਮ ਜ਼ਿਲ੍ਹੇ ਦੇ ਰਾਂਸਿਕਾ ਪਿੰਡ ਵਿੱਚ ਮੌਜੂਦਾ ਸਬ-ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਜਾਵੇਗਾ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਡਾਕਟਰਾਂ, ਮੁੱਢਲੀਆਂ ਜਾਂਚ ਸਹੂਲਤਾਂ ਅਤੇ 24 ਘੰਟੇ ਪ੍ਰਾਇਮਰੀ ਐਮਰਜੈਂਸੀ ਸੇਵਾ ਤੱਕ ਬਿਹਤਰ ਪਹੁੰਚ ਮਿਲਣ ਦੀ ਉਮੀਦ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨੂਹ ਵਿੱਚ ਖੋਲ੍ਹੇ ਜਾਣ ਵਾਲੇ ਨਵੇਂ ਸੈਂਟਰਾਂ ਨਾਲ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ, ਨਿਯਮਤ ਟੀਕਾਕਰਨ ਅਤੇ ਮੁੱਢਲੇ ਇਲਾਜ ਦੀਆਂ ਸਹੂਲਤਾਂ ਪਿੰਡਾਂ ਦੇ ਨੇੜੇ ਉਪਲਬਧ ਹੋਣਗੀਆਂ। ਸਰਕਾਰ ਦੇ ਇਸ ਫੈਸਲੇ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਛੋਟੀਆਂ ਅਤੇ ਜ਼ਰੂਰੀ ਸਿਹਤ ਸੇਵਾਵਾਂ ਲਈ ਵੱਡੇ ਸ਼ਹਿਰਾਂ ਜਾਂ ਹਸਪਤਾਲਾਂ ਤੱਕ ਜਾਣ ਦੀ ਲੋੜ ਘਟੇਗੀ। ਸਰਕਾਰ ਦਾ ਉਦੇਸ਼ ਪਿੰਡ ਪੱਧਰ ‘ਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
