ਮੁੰਬਈ, 10 ਅਗਸਤ, 2026 (ਹਰਸ਼ਪ੍ਰੀਤ ਕੌਰ) : ਮੁੰਬਈ ਪੁਲਿਸ ਨੇ 33 ਸਾਲਾ ਇੱਕ ਉਭਰਦੀ ਅਦਾਕਾਰਾ ਵੱਲੋਂ ਜਬਰ-ਜਨਾਹ ਅਤੇ ਧਮਕੀਆਂ ਦੇ ਲਗਾਏ ਦੋਸ਼ਾਂ ਤੋਂ ਬਾਅਦ ਫਿਲਮ ਨਿਰਦੇਸ਼ਕ ਸ਼ਕੀਲ ਨੂਰਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ 73 ਸਾਲਾ ਨੂਰਾਨੀ ਨੂੰ ਮਹਾਬਲੇਸ਼ਵਰ ਸਥਿਤ ਉਸਦੇ ਫਾਰਮਹਾਊਸ ਤੋਂ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਮਾਮਲਾ ਦਰਜ ਹੋਣ ਤੋਂ ਬਾਅਦ ਨੂਰਾਨੀ ਫਰਾਰ ਸੀ। ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਉਸਦੀ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਸ਼ਨੀਵਾਰ ਨੂੰ ਮਹਾਬਲੇਸ਼ਵਰ ਤੋਂ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ ਗਿਆ। ਸ਼ਿਕਾਇਤਕਰਤਾ ਅਦਾਕਾਰਾ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਕਰੀਬ ਚਾਰ ਸਾਲਾਂ ਦੌਰਾਨ ਉਸ ਨਾਲ ਕਥਿਤ ਤੌਰ ‘ਤੇ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸਦੇ ਮੁਤਾਬਕ, ਇੱਕ ਆਉਣ ਵਾਲੀ ਫਿਲਮ ਦੀ ਸਕ੍ਰਿਪਟ ਬਾਰੇ ਗੱਲ ਕਰਨ ਦੇ ਬਹਾਨੇ ਉਸਨੂੰ ਮਲਵਾਨੀ ਸਥਿਤ ਘਰ ਬੁਲਾਇਆ ਗਿਆ, ਜਿੱਥੇ ਕਥਿਤ ਤੌਰ ‘ਤੇ ਉਸਦੇ ਪੀਣ ਵਾਲੇ ਪਦਾਰਥ ਵਿੱਚ ਕੁਝ ਮਿਲਾ ਕੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਅਦਾਕਾਰਾ ਨੇ ਇਹ ਵੀ ਦੋਸ਼ ਲਗਾਇਆ ਕਿ ਨੂਰਾਨੀ ਨੇ ਉਸਨੂੰ ਆਪਣੇ ਮੋਬਾਈਲ ਵਿੱਚ ਇੱਕ ਨਿੱਜੀ ਵੀਡੀਓ ਦਿਖਾ ਕੇ ਧਮਕਾਇਆ ਅਤੇ ਕਿਹਾ ਕਿ ਜੇਕਰ ਉਸਨੇ ਪੁਲਿਸ ਜਾਂ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਸ਼ਿਕਾਇਤ ਵਿੱਚ ਅਦਾਕਾਰਾ ਨੇ ਇਹ ਵੀ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਉਸਨੂੰ ਗਰਭਨਿਰੋਧਕ ਗੋਲੀਆਂ ਦਿੱਤੀਆਂ ਗਈਆਂ ਅਤੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਦਿੱਤਾ ਗਿਆ, ਜਿਸ ਕਾਰਨ ਉਸਦਾ ਗਰਭਪਾਤ ਹੋ ਗਿਆ।
ਪੁਲਿਸ ਨੇ ਨੂਰਾਨੀ ਦੀ ਭਾਲ ਦੌਰਾਨ ਅੰਧੇਰੀ ਦੇ ਲੋਖੰਡਵਾਲਾ ਇਲਾਕੇ ਵਿੱਚ ਉਸਦੇ ਪੁੱਤਰ ਦੇ ਘਰ ਦੀ ਵੀ ਤਲਾਸ਼ੀ ਲਈ ਸੀ, ਪਰ ਉਹ ਉੱਥੇ ਨਹੀਂ ਮਿਲਿਆ। ਬਾਅਦ ਵਿੱਚ ਪੁਲਿਸ ਨੇ ਮਹਾਬਲੇਸ਼ਵਰ ਸਥਿਤ ਫਾਰਮਹਾਊਸ ਤੋਂ ਉਸਨੂੰ ਕਾਬੂ ਕਰ ਲਿਆ। ਨੂਰਾਨੀ ਨੇ ‘ਬੜੇ ਦਿਲਵਾਲਾ’ (1999) ਅਤੇ ‘ਜੋਰੂ ਕਾ ਗੁਲਾਮ’ (2000) ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਭਾਰਤੀ ਨਿਆਯ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਉਸਨੂੰ 12 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
