ਸੰਸਦ ਵਿੱਚ ਪਖਾਨਿਆਂ ਦੀ ਗੱਲ ਕਰਨ ’ਤੇ ਮੇਰਾ ਮਜ਼ਾਕ ਉਡਾਇਆ ਗਿਆ ਸੀ, IIT ਖੜਗਪੁਰ ਦੇ ਸਮਾਗਮ ਵਿੱਚ ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਬੋਲੇ ਮੋਦੀ
ਖੜਗਪੁਰ (ਪੱਛਮੀ ਬੰਗਾਲ), 21 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿੱਚ ਪਿਛਲੇ 12 ਤੋਂ 13 ਸਾਲਾਂ ਦੌਰਾਨ 50 ਕਰੋੜ ਲੋਕ ਗਰੀਬੀ ਵਿੱਚੋਂ ਬਾਹਰ ਆਏ ਹਨ। ਉਨ੍ਹਾਂ ਨੇ ਇਸ ਦਾਅਵੇ ਦੇ ਸਮਰਥਨ ਵਿੱਚ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਬਦਲਾਅ ਸਰਕਾਰ ਦੀ ਨਵੀਂ ਸੋਚ ਅਤੇ ਪੱਕੇ ਇਰਾਦੇ ਦਾ ਨਤੀਜਾ ਹੈ। IIT ਖੜਗਪੁਰ ਦੇ 75 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਪਲੈਟੀਨਮ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਗਰੀਬੀ ਨੂੰ ਸਥਾਈ ਸਮੱਸਿਆ ਮੰਨਿਆ ਜਾਂਦਾ ਸੀ। ਗਰੀਬੀ ਖ਼ਤਮ ਕਰਨ ਦੇ ਨਾਅਰੇ ਤਾਂ ਲਗਾਏ ਜਾਂਦੇ ਸਨ, ਪਰ ਨੀਤੀਗਤ ਫ਼ੈਸਲੇ ਅਕਸਰ ਸਰਕਾਰੀ ਫਾਈਲਾਂ ਤੱਕ ਹੀ ਸੀਮਤ ਰਹਿ ਜਾਂਦੇ ਸਨ।
ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਲਾਲ ਕਿਲ੍ਹੇ ਤੋਂ ਗਰੀਬ ਪਰਿਵਾਰਾਂ ਲਈ ਪਖਾਨੇ ਬਣਾਉਣ ਦੇ ਐਲਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਸੰਸਦ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਸਵਾਲ ਚੁੱਕੇ ਸਨ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪਖਾਨੇ ਬਣਾਉਣ ਦੀ ਗੱਲ ਕਿਉਂ ਕਰ ਰਿਹਾ ਹੈ। ਪਰ ਉਨ੍ਹਾਂ ਲੋਕਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਪਖਾਨੇ ਦੀ ਸਹੂਲਤ ਖ਼ਾਸ ਕਰਕੇ ਗਰੀਬ ਔਰਤਾਂ ਅਤੇ ਮਾਵਾਂ ਲਈ ਕਿੰਨੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਲੋਕਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਦਾ ਮੂਲ ਮੰਤਰ ਰਿਹਾ ਹੈ ਕਿ ਲੋਕਾਂ ਨੂੰ ਸਿਰਫ਼ ਸਹਾਇਤਾ ਦੇਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਜਾਵੇ।
ਉਨ੍ਹਾਂ IIT ਖੜਗਪੁਰ ਦੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ‘ਨੇਸ਼ਨ ਫਸਟ’ ਦੀ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾ ਦੇ 100 ਸਾਲ ਪੂਰੇ ਹੋਣ ਸਮੇਂ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਨਾਲ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਭਾਰਤ ਦੇ ਪੁਲਾੜ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਨੂੰ ਨੌਜਵਾਨਾਂ ਅਤੇ ਨਿੱਜੀ ਕੰਪਨੀਆਂ ਲਈ ਖੋਲ੍ਹਿਆ ਹੈ। ਉਨ੍ਹਾਂ IIT ਖੜਗਪੁਰ ਦੇ ਸਾਬਕਾ ਵਿਦਿਆਰਥੀ ਅਤੇ Skyroot Aerospace ਦੇ ਸਹਿ-ਸੰਸਥਾਪਕ ਪਵਨ ਕੁਮਾਰ ਚੰਦਨਾ ਦੀ ਉਦਾਹਰਨ ਦਿੱਤੀ, ਜਿਨ੍ਹਾਂ ਦੀ ਕੰਪਨੀ ਨੇ ਭਾਰਤ ਦਾ ਪਹਿਲਾ ਨਿੱਜੀ ਤੌਰ ’ਤੇ ਤਿਆਰ ਕੀਤਾ ਰਾਕੇਟ ਵਿਕਸਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਈ ਨਿੱਜੀ ਪੁਲਾੜ ਸਟਾਰਟਅੱਪ ਦੇਸ਼ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਂ ਰਫ਼ਤਾਰ ਦੇ ਰਹੇ ਹਨ।
ਸੈਮੀਕੰਡਕਟਰ ਉਦਯੋਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 50 ਸਾਲ ਪਹਿਲਾਂ ਇੱਕ ਕੰਪਨੀ ਭਾਰਤ ਵਿੱਚ ਸੈਮੀਕੰਡਕਟਰ ਬਣਾਉਣ ਲਈ ਆਈ ਸੀ, ਪਰ ਉਸ ਸਮੇਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਸਰਕਾਰ ਨੇ ਸੈਮੀਕੰਡਕਟਰ ਮਿਸ਼ਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਤਾਂ ਕਈ ਲੋਕਾਂ ਨੇ ਇਸ ਨੂੰ ਦੇਰੀ ਨਾਲ ਚੁੱਕਿਆ ਕਦਮ ਦੱਸਿਆ, ਪਰ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਜਾਰੀ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਭਾਰਤ ਨੇ ਚਿਪਸ ਦੀ ਬਰਾਮਦ ਵੀ ਸ਼ੁਰੂ ਕਰ ਦਿੱਤੀ ਹੈ। ਮੋਦੀ ਨੇ ਨੌਜਵਾਨਾਂ ਨੂੰ ਆਪਣੀਆਂ ਸੋਚਾਂ ਅਤੇ ਸੁਪਨਿਆਂ ਦੀਆਂ ਹੱਦਾਂ ਖ਼ੁਦ ਤੈਅ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੀਮਤ ਸੋਚ ਵਿਅਕਤੀ ਅਤੇ ਦੇਸ਼ ਦੋਵਾਂ ਦੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਇਹ ਸਾਬਤ ਕੀਤਾ ਹੈ ਕਿ ਜੇਕਰ ਸੋਚ ਦੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਜਾਣ ਤਾਂ ਦੇਸ਼ ਆਪਣੀ ਅਸਲ ਸਮਰੱਥਾ ਨੂੰ ਪਛਾਣ ਸਕਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ IIT ਖੜਗਪੁਰ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਵਿਸ਼ੇਸ਼ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।
