ਹਰਿਆਣਾ /ਜਾਪਾਨ, 22 ਜੂਨ: (ਸੰਜੀਵ ਸ਼ਰਮਾ) : ਜਾਪਾਨ ਵਿੱਚ ਆਯੋਜਿਤ ਕੌਮਾਂਰਤੀ ਗੀਤਾ ਮਹੋਤਸਵ ਦੌਰਾਨ ਕੌਮਾਂਰਤੀ ਯੋਗ ਦਿਵਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਾਪਾਨੀ ਨਾਗਰਿਕਾਂ, ਭਾਰਤੀ ਭਾਈਚਾਰੇ ਅਤੇ ਵੱਖ-ਵੱਖ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਯੋਗ ਅਤੇ ਧਿਆਨ ਸੈਸ਼ਨਾਂ ਵਿੱਚ ਭਾਗ ਲੈ ਕੇ ਸਿਹਤ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਵੀਡੀਓ ਸੰਦੇਸ਼ ਰਾਹੀਂ ਯੋਗ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਯੋਗ ਭਾਰਤ ਦੀ ਅਨਮੋਲ ਧਰੋਹਰ ਹੈ, ਜਿਸ ਨੇ ਵਿਸ਼ਵ ਨੂੰ ਤੰਦਰੁਸਤੀ, ਸੰਤੁਲਨ ਅਤੇ ਮਾਨਸਿਕ ਸ਼ਾਂਤੀ ਦਾ ਰਾਹ ਦਿਖਾਇਆ ਹੈ। ਉਨ੍ਹਾਂ ਨੇ ਕੌਮਾਂਰਤੀ ਗੀਤਾ ਮਹੋਤਸਵ ਦੇ ਆਯੋਜਨ ਦੀ ਸਰਾਹਨਾ ਕਰਦਿਆਂ ਇਸ ਨੂੰ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕਤਾ ਦੇ ਵਿਸ਼ਵ ਪੱਧਰੀ ਪ੍ਰਸਾਰ ਦਾ ਪ੍ਰਭਾਵਸ਼ਾਲੀ ਮਾਧਿਅਮ ਦੱਸਿਆ।
ਸਮਾਗਮ ਦੌਰਾਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਯੋਗ ਨੂੰ ਆਤਮਿਕ ਉੱਨਤੀ ਅਤੇ ਵਿਸ਼ਵ ਸ਼ਾਂਤੀ ਦਾ ਸਾਧਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ-ਭਰੇ ਯੁੱਗ ਵਿੱਚ ਯੋਗ ਅਤੇ ਗੀਤਾ ਦਾ ਸੰਦੇਸ਼ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਹੈ।
ਹਰਿਆਣਾ ਸਰਕਾਰ ਦੇ ਪ੍ਰਤੀਨਿਧੀ ਡਾ. ਅਮਿਤ ਅਗਰਵਾਲ ਨੇ ਕਿਹਾ ਕਿ ਸਰਕਾਰ ਯੋਗ ਅਤੇ ਗੀਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਤੱਕ ਪਹੁੰਚਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਭਾਰਤ ਅਤੇ ਜਾਪਾਨ ਵਿਚਾਲੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹਨ।
ਇਸ ਮੌਕੇ ਪ੍ਰਸਿੱਧ ਯੋਗਮਾਤਾ ਕੀਕੋ ਐਕਾਵਾ ਦਾ ਵੀ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਯੋਗ ਅਤੇ ਧਿਆਨ ਨੂੰ ਮਨੁੱਖੀ ਭਲਾਈ ਅਤੇ ਵਿਸ਼ਵ ਸ਼ਾਂਤੀ ਲਈ ਅਹਿਮ ਕਰਾਰ ਦਿੰਦਿਆਂ ਭਾਰਤੀ ਅਧਿਆਤਮਿਕ ਪਰੰਪਰਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਸਮਾਗਮ ਦਾ ਸਮਾਪਨ ਸਮੂਹਿਕ ਯੋਗਾਭਿਆਸ, ਧਿਆਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਨਾਲ ਹੋਇਆ।
