Homeਪੰਜਾਬਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; 30 ਜੂਨ ਤੱਕ ਕਰੋ ਅਪਲਾਈ

ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; 30 ਜੂਨ ਤੱਕ ਕਰੋ ਅਪਲਾਈ

Eligibility and Selection Process

ਪੰਜਾਬ, 18 ਜੂਨ (ਹਰਸ਼ਪ੍ਰੀਤ ਕੌਰ): ਅਨੁਸੂਚਿਤ ਜਾਤੀਆਂ (SC), ਪਿਛੜੀਆਂ ਸ਼੍ਰੇਣੀਆਂ (OBC) ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਨੇ ਪ੍ਰੋਬੇਸ਼ਨਰੀ ਅਫ਼ਸਰ (ਬੈਂਕ) ਅਤੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫ਼ਸਰ (LIC/GIC) ਪ੍ਰੀਖਿਆਵਾਂ-2026 ਲਈ ਮੁਫ਼ਤ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਇਹ ਪਹਿਲਕਦਮੀ ਯੋਗ ਉਮੀਦਵਾਰਾਂ ਨੂੰ ਮਹਿੰਗੀਆਂ ਕੋਚਿੰਗ ਫੀਸਾਂ ਦੇ ਬੋਝ ਤੋਂ ਬਿਨਾਂ ਇਨ੍ਹਾਂ ਵਧਿਆ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਯੋਗ ਬਣਾਏਗੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮਨੋਰਥ ਲੋੜਵੰਦ ਨੌਜਵਾਨਾਂ ਨੂੰ ਮਿਆਰੀ ਕੋਚਿੰਗ, ਮਾਹਿਰਾਂ ਦੀ ਅਗਵਾਈ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਬੈਂਕਿੰਗ ਅਤੇ ਬੀਮਾ ਖੇਤਰਾਂ ਵਿੱਚ ਇੱਕ ਸਫ਼ਲ ਕਰੀਅਰ ਬਣਾ ਸਕਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਐਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਪ੍ਰਤਿਭਾਸ਼ਾਲੀ ਨੌਜਵਾਨ ਆਰਥਿਕ ਤੰਗੀ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ ਅਤੇ ਹਰ ਲੋੜਵੰਦ ਉਮੀਦਵਾਰ ਨੂੰ ਆਪਣੀ ਸਮਰੱਥਾ ਮੁਤਾਬਕ ਅੱਗੇ ਵਧਣ ਲਈ ਲੋੜੀਂਦੀ ਸਹਾਇਤਾ ਮਿਲੇ।

ਡਾ. ਬਲਜੀਤ ਕੌਰ ਨੇ ਕਿਹਾ, “ਪ੍ਰਤਿਭਾ ਕਦੇ ਵੀ ਆਰਥਿਕ ਤੰਗੀ ਕਾਰਨ ਪਿੱਛੇ ਨਹੀਂ ਰਹਿਣੀ ਚਾਹੀਦੀ। ਸਾਡੀ ਸਰਕਾਰ ਹੁਣਹਾਰ ਨੌਜਵਾਨਾਂ ਨੂੰ ਉਹ ਮਾਰਗਦਰਸ਼ਨ, ਸਰੋਤ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਲੋੜ ਹੈ।”

ਯੋਗਤਾ ਅਤੇ ਚੋਣ ਪ੍ਰਕਿਰਿਆ:

  • ਸਥਾਨ: ਇਹ ਕੋਚਿੰਗ ਪ੍ਰੋਗਰਾਮ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ਼-3ਬੀ2, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਚਲਾਇਆ ਜਾਵੇਗਾ।
  • ਯੋਗਤਾ: ਪੰਜਾਬ ਦੇ ਪੱਕੇ ਨਿਵਾਸੀ, ਗ੍ਰੈਜੂਏਟ (ਪਾਸ) ਉਮੀਦਵਾਰ ਜੋ SC, OBC ਜਾਂ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਹਨ, ਅਪਲਾਈ ਕਰਨ ਦੇ ਯੋਗ ਹਨ। ਬਿਨੈਕਾਰ ਦੇ ਪਰਿਵਾਰ ਦੀ ਸਾਰੇ ਸਰੋਤਾਂ ਤੋਂ ਕੁੱਲ ਸਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਚੋਣ ਟੈਸਟ: ਉਮੀਦਵਾਰਾਂ ਦੀ ਚੋਣ ਇੱਕ ਆਬਜੈਕਟਿਵ-ਟਾਈਪ (ਵਸਤੂਨਿਸ਼ਠ) ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ, ਜਿਸ ਵਿੱਚ ਜਨਰਲ ਅੰਗਰੇਜ਼ੀ, ਕੁਆਂਟੀਟੇਟਿਵ ਐਪਟੀਟਿਊਡ (ਗਣਿਤ), ਰੀਜ਼ਨਿੰਗ ਅਤੇ ਮੌਜੂਦਾ ਮਾਮਲੇ (Current Events) ਸ਼ਾਮਲ ਹੋਣਗੇ।
  • ਟੈਸਟ ਦੀ ਮਿਤੀ: ਇਹ ਟੈਸਟ 3 ਜੁਲਾਈ, 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਫੇਜ਼-3ਬੀ2, ਮੋਹਾਲੀ ਵਿਖੇ ਲਿਆ ਜਾਵੇਗਾ।

ਅਪਲਾਈ ਕਿਵੇਂ ਕਰੀਏ:

ਇੱਛੁਕ ਉਮੀਦਵਾਰ ਆਪਣੀਆਂ ਅਰਜ਼ੀਆਂ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਵੈ-ਤਸਦੀਕਸ਼ੁਦਾ (self-attested) ਕਾਪੀਆਂ ਸਮੇਤ 30 ਜੂਨ, 2026 ਤੱਕ ਪ੍ਰਿੰਸੀਪਲ, ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀਆਂ ਈ-ਮੇਲ ambedkarinstitute013@gmail.com ਰਾਹੀਂ ਵੀ ਭੇਜੀਆਂ ਜਾ ਸਕਦੀਆਂ ਹਨ।

ਯੋਗ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਦ੍ਰਿੜਤਾ ਨੂੰ ਦਰਸਾਉਂਦੀ ਹੈ।

ਯੋਗਤਾ ਦੇ ਮਾਪਦੰਡ, ਦਾਖਲਾ ਪ੍ਰਕਿਰਿਆ ਅਤੇ ਹੋਰ ਵੇਰਵਿਆਂ ਲਈ, ਉਮੀਦਵਾਰ ਪੰਜਾਬ ਭਲਾਈ ਵਿਭਾਗ ਦੀ ਵੈੱਬਸਾਈਟ www.welfare.punjab.gov.in ‘ਤੇ ਜਾ ਸਕਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments