ਕੁਦਰਤੀ ਖੇਤੀ ਅਤੇ ‘ਖੇਤ ਬਚਾਓ’ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਦੇ ਨਿਰਦੇਸ਼
ਹਰਿਆਣਾ, 17 ਜੂਨ (ਸੰਜੀਵ ਸਿੰਗਲਾ) : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਖ਼ਰੀਫ਼ ਫ਼ਸਲਾਂ ਲਈ ਰਸਾਇਣਕ ਖਾਦਾਂ ਦੀ ਵੰਡ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਕਿਸਾਨ ਨੂੰ ਖਾਦ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਉਪਲਬਧ ਖਾਦ ਦਾ 60 ਫ਼ੀਸਦੀ ਹਿੱਸਾ ਹੈਫੇਡ ਰਾਹੀਂ ਪੈਕਸ ਸੰਸਥਾਵਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਖਾਦ ਦੀ ਕਾਲਾਬਾਜ਼ਾਰੀ ‘ਤੇ ਰਹੇਗੀ ਸਖ਼ਤ ਨਿਗਰਾਨੀ
ਮੰਤਰੀ ਨੇ ਕਿਹਾ ਕਿ ਖਾਦ ਦੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਾਈਵੇਟ ਡੀਲਰਾਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾਵੇ ਅਤੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਾ ਹੋਣ ਦਿੱਤੀ ਜਾਵੇ। ਮੀਟਿੰਗ ਦੌਰਾਨ ਯੂਰੀਆ, ਡੀਏਪੀ ਅਤੇ ਹੋਰ ਖਾਦਾਂ ਦੀ ਜ਼ਿਲ੍ਹਾਵਾਰ ਉਪਲਬਧਤਾ ਦਾ ਜਾਇਜ਼ਾ ਲਿਆ ਗਿਆ। ਕੁਝ ਖੇਤਰਾਂ ਵਿੱਚ ਖਾਦ ਦੀ ਵੱਧ ਖਪਤ ਸਾਹਮਣੇ ਆਉਣ ‘ਤੇ ਸਬੰਧਤ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਵੀ ਮੰਗਿਆ ਗਿਆ।
ਪੈਕਸ ਰਾਹੀਂ ਕਿਸਾਨਾਂ ਤੱਕ ਪਹੁੰਚੇਗੀ ਖਾਦ
ਰਾਣਾ ਨੇ ਕਿਹਾ ਕਿ ਪਿੰਡਾਂ ਵਿੱਚ ਸਥਿਤ ਪੈਕਸ ਕੇਂਦਰਾਂ ‘ਤੇ ਖਾਦ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੇ ਨੇੜਲੇ ਖੇਤਰ ਵਿੱਚ ਹੀ ਲੋੜੀਂਦੀ ਖਾਦ ਉਪਲਬਧ ਹੋ ਸਕੇ। ਉਨ੍ਹਾਂ ਦੱਸਿਆ ਕਿ ‘ਮੇਰੀ ਫਸਲ ਮੇਰਾ ਬਿਓਰਾ’ ਪੋਰਟਲ ‘ਤੇ ਦਰਜ ਜ਼ਮੀਨ ਦੇ ਵੇਰਵਿਆਂ ਦੇ ਆਧਾਰ ‘ਤੇ ਹੀ ਖਾਦ ਦੀ ਵੰਡ ਕੀਤੀ ਜਾਵੇਗੀ, ਜਿਸ ਨਾਲ ਗ਼ੈਰ-ਕਿਸਾਨਾਂ ਵੱਲੋਂ ਖਾਦ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇਗਾ।
ਕੁਦਰਤੀ ਖੇਤੀ ਅਪਣਾਉਣ ਲਈ ਕਿਸਾਨਾਂ ਨੂੰ ਕੀਤਾ ਜਾਵੇ ਪ੍ਰੇਰਿਤ
ਮੰਤਰੀ ਨੇ ਮੀਟਿੰਗ ਦੌਰਾਨ ‘ਖੇਤ ਬਚਾਓ’ ਅਤੇ ‘ਕੁਦਰਤੀ ਖੇਤੀ’ ਮੁਹਿੰਮਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਕਿਸਾਨਾਂ ਨੂੰ ਦੇਸੀ ਗਾਂ ਦੇ ਗੋਬਰ ਤੋਂ ਤਿਆਰ ਜੈਵਿਕ ਖਾਦਾਂ ਅਤੇ ਜੀਵਾਮ੍ਰਿਤ ਦੇ ਲਾਭਾਂ ਬਾਰੇ ਜਾਣੂ ਕਰਵਾਉਣ।
ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਨਾਲ ਰਸਾਇਣਕ ਖਾਦਾਂ ਉੱਤੇ ਨਿਰਭਰਤਾ ਘਟੇਗੀ, ਮਿੱਟੀ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਵਧੀਆ ਤੇ ਸੁਰੱਖਿਅਤ ਖੁਰਾਕ ਮਿਲੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ 30 ਜੂਨ ਤੱਕ ਚੱਲ ਰਹੀਆਂ ਮੁਹਿੰਮਾਂ ਦੇ ਟੀਚੇ ਪੂਰੇ ਕਰਨ ਲਈ ਕਿਹਾ ਗਿਆ।









