ਪਟਿਆਲਾ: 15 ਜੂਨ, 2026 (ਛਤਰਪਾਲ ਸਿੰਘ): ਅਰਬਨ ਅਸਟੇਟ ਫੇਜ਼-2, ਸਾਹਿਬ ਨਗਰ ਥੇੜੀ ਸਥਿਤ ਇਤਿਹਾਸਕ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪਰਮ ਸਤਿਕਾਰਯੋਗ ਗਿਆਨੀ ਸੀਤਲ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਬੜੀ ਸ਼ਰਧਾ-ਭਾਵਨਾ ਅਤੇ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। 13 ਜੂਨ ਤੋਂ ਆਰੰਭ ਹੋਏ ਇਹਨਾਂ ਧਾਰਮਿਕ ਸਮਾਗਮਾਂ ਦੇ ਭੋਗ ਅੱਜ 15 ਜੂਨ ਨੂੰ ਪਾਏ ਗਏ।

ਇਹ ਪੂਰਾ ਸਮਾਗਮ ਚੌਧਰੀ ਪ੍ਰਭਜੀਤ ਸਿੰਘ (ਐਮ.ਡੀ., ਅਦਾਰਾ ਸ਼ਹੀਦ-ਏ-ਆਜ਼ਮ) ਅਤੇ ਹਰਪ੍ਰੀਤ ਸਿੰਘ ਦਰਦੀ (ਡਾਇਰੈਕਟਰ, ਅਦਾਰਾ ਚੜ੍ਹਦੀਕਲਾ ਟਾਈਮ ਟੀ.ਵੀ. ਅਤੇ ਅਖ਼ਬਾਰ) ਦੀ ਯੋਗ ਤੇ ਨਿੱਜੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਪ੍ਰਬੰਧਾਂ ਨਾਲ ਨੇਪਰੇ ਚੜ੍ਹਿਆ।
ਸੰਗਤਾਂ ਨੇ ਮਾਣਿਆ ਇਲਾਹੀ ਬਾਣੀ ਦਾ ਰਸ
ਬਰਸੀ ਸਮਾਗਮ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਮਹਾਨ ਕੀਰਤਨੀ ਜੱਥਿਆਂ ਅਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਸ਼ਬਦ ਗਾਇਨ ਕੀਤੇ ਗਏ। ਸਮਾਗਮ ਦੌਰਾਨ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਭਰਪੂਰ ਆਨੰਦ ਮਾਣਿਆ। ਸਮੁੱਚਾ ਮਾਹੌਲ ਗੁਰੂ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਗੁਰੂ ਕਾ ਲੰਗਰ ਅਤੁੱਟ ਵਰਤਿਆ
ਧਾਰਮਿਕ ਸਮਾਗਮ ਦੌਰਾਨ ਜਿੱਥੇ ਸੰਗਤਾਂ ਨੇ ਨਾਮ-ਸਿਮਰਨ ਅਤੇ ਗੁਰਬਾਣੀ ਸਰਵਣ ਕਰਕੇ ਆਤਮਿਕ ਸੁਖ ਪ੍ਰਾਪਤ ਕੀਤਾ, ਉੱਥੇ ਹੀ ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਸਹਿਯੋਗ ਪਾਇਆ।

ਇਸ ਮੌਕੇ ਪੰਥ ਦੀਆਂ ਕਈ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਅਤੇ ਗਿਆਨੀ ਸੀਤਲ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।









