ਬ੍ਰੇਨ ਹੈਮਰੇਜ, ਡਾਇਬਿਟੀਜ਼ ਅਤੇ ਕਰੋਨਿਕ ਬਲੀਡਿੰਗ ਵਰਗੀਆਂ ਕਈ ਗੰਭੀਰ ਪੇਚੀਦਗੀਆਂ ਨਾਲ ਜੂਝ ਰਹੀ ਪਟਿਆਲਾ ਦੀ ਉਦਮੀ ਦਾ ਰਾਜਿੰਦਰਾ ਹਸਪਤਾਲ ਵਿਖੇ ਹੋਇਆ ਸਫ਼ਲ ਆਪ੍ਰੇਸ਼ਨ
ਪਟਿਆਲਾ, 07 ਜੂਨ: (ਸ਼.ਅ.ਬਿਓਰੋ ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਆਮ ਲੋਕਾਂ ਦੇ ਨਾਲ-ਨਾਲ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਪਟਿਆਲਾ ਦੀ 51 ਸਾਲਾ ਉਦਮੀ ਅਤੇ ਮਾਸਟਰਸ਼ੈਫ ਇੰਡੀਆ ਸੀਜ਼ਨ-6 ਦੇ ਟਾਪ-20 ਪ੍ਰਤੀਯੋਗੀਆਂ ਵਿੱਚ ਸ਼ਾਮਲ ਰਹੀ ਹਰਮਨਪ੍ਰੀਤ ਕੌਰ ਨੂੰ ਸਾਲਾਂ ਪੁਰਾਣੀ ਗੰਭੀਰ ਬੀਮਾਰੀ ਅਤੇ ਇਲਾਜ ਦੇ ਵਧ ਰਹੇ ਭਾਰੀ ਖਰਚਿਆਂ ਤੋਂ ਵੱਡੀ ਰਾਹਤ ਮਿਲੀ ਹੈ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਮਾਹਰ ਟੀਮ ਨੇ ਬੇਹੱਦ ਗੰਭੀਰ ਹਾਲਤ ਵਿੱਚ ਹਰਮਨਪ੍ਰੀਤ ਦਾ ਸਫ਼ਲ ਲੈਪ੍ਰੋਸਕੋਪਿਕ ਆਪ੍ਰੇਸ਼ਨ ਕਰਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਹੈ।
ਇੱਕ ਦਹਾਕੇ ਤੋਂ ਗੰਭੀਰ ਬੀਮਾਰੀਆਂ ਨਾਲ ਜੂਝ ਰਹੀ ਸੀ ਹਰਮਨਪ੍ਰੀਤ
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਪ੍ਰੀਤ ਕੌਰ ਸਾਲ 2011 ਵਿੱਚ ਹੋਏ ਬ੍ਰੇਨ ਹੈਮਰੇਜ ਤੋਂ ਬਾਅਦ ਲਗਾਤਾਰ ਨਿਊਰੋਲੋਜੀਕਲ ਪੇਚੀਦਗੀਆਂ, ਹਾਈਪਰਟੈਨਸ਼ਨ, ਟਾਈਪ-2 ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ ਅਤੇ ਸੋਰਾਇਸਿਸ ਵਰਗੀਆਂ ਕਈ ਨਾਮੁਰਾਦ ਬੀਮਾਰੀਆਂ ਦਾ ਸਾਹਮਣਾ ਕਰ ਰਹੀ ਸੀ। ਸਾਲ 2025 ਵਿੱਚ ਪੇਰੀਮੈਨੋਪੌਜ਼ ਦੌਰਾਨ ਉਸ ਨੂੰ ਲੰਬੇ ਸਮੇਂ ਤੱਕ ਲਗਾਤਾਰ ਮਾਂਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਹਿਣ (croonic bleeding) ਦੀ ਸਮੱਸਿਆ ਵੀ ਹੋ ਗਈ। ਲੰਬੇ ਸਮੇਂ ਤੱਕ ਚੱਲੇ ਇਸ ਇਲਾਜ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਪ੍ਰਭਾਵਿਤ ਹੋਈ ਅਤੇ ਉਸ ਦੀ ਦੇਖਭਾਲ ਲਈ ਉਸ ਦੇ ਪਤੀ ਨੂੰ ਆਪਣੀ ਨਿੱਜੀ ਖੇਤਰ ਦੀ ਚੰਗੀ ਨੌਕਰੀ ਵੀ ਛੱਡਣੀ ਪਈ ਸੀ।
ਰਾਜਿੰਦਰਾ ਹਸਪਤਾਲ ਦੀ ਟੀਮ ਨੇ ਨਿਭਾਈ ਅਹਿਮ ਭੂਮਿਕਾ
ਸਿਹਤ ਵਿਗੜਨ ਕਾਰਨ ਹਰਮਨਪ੍ਰੀਤ ਨੂੰ 30 ਅਪ੍ਰੈਲ 2026 ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਪ੍ਰਸੂਤੀ ਅਤੇ ਗਾਇਨੀ ਵਿਭਾਗ ਦੀ ਪ੍ਰੋਫੈਸਰ ਡਾ. ਪ੍ਰੀਤ ਕਮਲ ਸਿਬੀਆ ਨੇ ਦੱਸਿਆ ਕਿ ਮਰੀਜ਼ ਦੇ ਗਰਭਾਸ਼ਯ ਵਿੱਚ ਇੱਕ ਵੱਡਾ ਫਾਈਬਰਾਇਡ ਸੀ। ਪੁਰਾਣੇ ਗੰਭੀਰ ਮੈਡੀਕਲ ਪਿਛੋਕੜ ਕਾਰਨ ਐਨੇਸਥੀਸੀਆ ਦੇਣ ਵਿੱਚ ਬਹੁਤ ਜ਼ਿਆਦਾ ਜੋਖ਼ਮ ਸਨ। ਪਰ ਡਾਕਟਰਾਂ ਦੀ ਟੀਮ ਨੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 2 ਮਈ ਨੂੰ ਹਰਮਨਪ੍ਰੀਤ ਦਾ ਸਫ਼ਲ ‘ਟੋਟਲ ਲੈਪ੍ਰੋਸਕੋਪਿਕ ਹਿਸਟਰੇਕਟੋਮੀ’ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ, ਜਿਸ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਹਰਮਨਪ੍ਰੀਤ ਨੇ ਕੈਸ਼ਲੈੱਸ ਅਤੇ ਮਿਆਰੀ ਸਿਹਤ ਸੇਵਾਵਾਂ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਲਾਹਿਆ ਆਰਥਿਕ ਬੋਝ
ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਇਲਾਜ ਦੌਰਾਨ ਡਾ. ਪ੍ਰੀਤ ਕਮਲ ਸਿਬੀਆ ਦੀ ਸਲਾਹ ‘ਤੇ ਹੀ ਉਸ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਯੋਜਨਾ ਸਦਕਾ ਉਸ ਦਾ ਸਾਰਾ ਇਲਾਜ ਬਿਲਕੁਲ ਮੁਫ਼ਤ ਅਤੇ ਕੈਸ਼ਲੈੱਸ ਹੋਇਆ, ਜਿਸ ਨਾਲ ਪਰਿਵਾਰ ਸਿਰੋਂ ਲੱਖਾਂ ਰੁਪਏ ਦਾ ਆਰਥਿਕ ਬੋਝ ਲਹਿ ਗਿਆ। ਹਰਮਨਪ੍ਰੀਤ ਨੇ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪ੍ਰੇਸ਼ਨ ਦੇ ਨਾਲ-ਨਾਲ ਉਸ ਦੀ ਡਾਇਬਟੀਜ਼ ਅਤੇ ਸੋਰਾਇਸਿਸ ਵਰਗੀਆਂ ਦੂਜੀਆਂ ਬੀਮਾਰੀਆਂ ਦਾ ਵੀ ਪੂਰਾ ਖ਼ਿਆਲ ਰੱਖਿਆ।
ਜਜ਼ਬੇ ਦੀ ਮਿਸਾਲ: ਦੁਬਾਰਾ ਸੁਪਨੇ ਸਾਕਾਰ ਕਰਨ ਦੀ ਤਿਆਰੀ
ਹਰਮਨਪ੍ਰੀਤ ਪਟਿਆਲਾ ਵਿੱਚ ਆਪਣੇ ਉਦਮੀ ਸਫ਼ਰ ਜਿਵੇਂ ਕਿ ਟਿਫ਼ਨ ਸੇਵਾ, ਫੂਡ ਕਾਰਟ ਅਤੇ ਫੂਡ ਵੈਨ ਚਲਾਉਣ ਲਈ ਜਾਣੀ ਜਾਂਦੀ ਹੈ। ਇੰਨੀਆਂ ਬੀਮਾਰੀਆਂ ਦੇ ਬਾਵਜੂਦ ਉਸ ਨੇ ਖਾਣਾ ਬਣਾਉਣ ਦੇ ਆਪਣੇ ਜਨੂੰਨ ਨੂੰ ਮਰਨ ਨਹੀਂ ਦਿੱਤਾ ਅਤੇ ਮਾਸਟਰਸ਼ੈਫ ਇੰਡੀਆ ਸੀਜ਼ਨ-6 ਦੇ ਟਾਪ-20 ਵਿੱਚ ਜਗ੍ਹਾ ਬਣਾਈ ਸੀ। ਹੁਣ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੋਂ ਬਾਅਦ ਉਹ ਆਪਣੇ ਸੁਪਨਿਆਂ ਦੀ ਉਡਾਣ ਦੁਬਾਰਾ ਭਰਨ ਲਈ ਤਿਆਰ ਹੈ।
ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਹਰਮਨਪ੍ਰੀਤ ਨੇ ਕਿਹਾ, “ਮੇਰੇ ਵਰਗੇ ਲਾਭਪਾਤਰੀ ਇਸ ਗੱਲ ਦੀ ਪ੍ਰਤੱਖ ਉਦਾਹਰਣ ਹਨ ਕਿ ਜੇਕਰ ਸਰਕਾਰ ਵੱਲੋਂ ਕਿਫ਼ਾਇਤੀ ਅਤੇ ਮਿਆਰੀ ਸਿਹਤ ਸੇਵਾਵਾਂ ਮਿਲਣ, ਤਾਂ ਇਹ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਅਤੇ ਸਕਾਰਾਤਮਕ ਬਦਲਾਅ ਲਿਆ ਸਕਦੀਆਂ ਹਨ।”