ਸੰਗਰੂਰ, 05 ਜੂਨ (ਦੀਪਕ ਦੱਤਾ):ਡਾ. ਰਵਜੋਤ ਗਰੇਵਾਲ, ਐਸ.ਐਸ.ਪੀ, ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਏਰੀਏ ਵਿੱਚ ਹੋਏ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਕੇ 03 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਡਾ. ਰਵਜੋਤ ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08.05.2026 ਨੂੰ ਮੁਦਈ ਦੇ ਲੜਕੇ ਜਗਤਾਰ ਸਿੰਘ ਵਾਸੀ ਮੀਮਸਾ (ਉਮਰ ਕਰੀਬ 38 ਸਾਲ) ਦੀ ਮੌਤ ਹੋ ਜਾਣ ਕਾਰਨ ਮਿਤੀ 09.05.2026 ਨੂੰ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨ ਅਧਾਰ ਪਰ ਅ/ਧ 194 BNSS ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।
ਮਾਮਲਾ ਸ਼ੱਕੀ ਜਾਪਣ ਕਾਰਨ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਸ਼੍ਰੀ ਗੁਰਪ੍ਰੀਤ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਨਵੀਰ ਸਿੰਘ ਸੰਧੂ, ਮੁੱਖ ਅਫਸਰ ਥਾਣਾ ਸਦਰ ਧੂਰੀ ਵੱਲੋਂ ਮਨੁੱਖੀ ਸੋਰਸਾਂ ਅਤੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦਾ, ਸੁਖਵੀਰ ਸਿੰਘ ਵਾਸੀ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਨਾਲ ਨਜਾਇਜ਼ ਸਬੰਧਾਂ ਦੇ ਚੱਲਦਿਆਂ ਪਿੰਡ ਮੀਮਸਾ ਦੇ ਖੇਤਾਂ ਵਿੱਚ ਬੰਦ ਪਏ ਪਿੱਗ ਫਾਰਮ ਵਿੱਚ ਸੁਖਵੀਰ ਸਿੰਘ ਉਕਤ ਨੇ ਗਿਣੀ ਮਿਥੀ ਸਾਜਿਸ਼ ਤਹਿਤ ਆਪਣੇ ਸਾਥੀ ਨਾਲ ਮਿਲ ਕੇ ਜਗਤਾਰ ਸਿੰਘ ਦਾ ਕਤਲ ਕਰ ਦਿੱਤਾ, ਕਿਉਂਕਿ ਜਗਤਾਰ ਸਿੰਘ ਇਨ੍ਹਾਂ ਦੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣਦਾ ਸੀ।
ਮ੍ਰਿਤਕ ਜਗਤਾਰ ਸਿੰਘ ਦੀ ਮਾਤਾ ਸੁਰਜੀਤ ਕੌਰ ਦੇ ਬਿਆਨ ‘ਤੇ ਮੁਕੱਦਮਾ ਨੰਬਰ 161 ਮਿਤੀ 04.06.2026 ਅ/ਧ 103(1), 61(2), 3(5) BNS ਥਾਣਾ ਸਦਰ ਧੂਰੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਮਿਤੀ 04.05.2026 ਨੂੰ ਮੁਲਜ਼ਮ ਸੁਖਵੀਰ ਸਿੰਘ ਵਾਸੀ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਅਤੇ ਯਾਸੀਨ ਮੁਹੰਮਦ ਉਰਫ ਜੱਸੀ ਵਾਸੀ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 05.06.2026 ਨੂੰ ਮੁਲਜ਼ਮ ਮਨਪ੍ਰੀਤ ਕੌਰ ਪਤਨੀ ਮ੍ਰਿਤਕ ਜਗਤਾਰ ਸਿੰਘ ਵਾਸੀ ਮੀਮਸਾ ਨੂੰ ਗ੍ਰਿਫਤਾਰ ਕੀਤਾ ਗਿਆ।
ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।









