Home ਦੇਸ਼ ਦਿੱਲੀ ‘ਚ ਭਿਆਨਕ ਹਾਦਸਾ: ਮਾਲਵੀਆ ਨਗਰ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,...

ਦਿੱਲੀ ‘ਚ ਭਿਆਨਕ ਹਾਦਸਾ: ਮਾਲਵੀਆ ਨਗਰ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ, 21 ਲੋਕਾਂ ਦੀ ਦਰਦਨਾਕ ਮੌ.ਤ., 25 ਤੋਂ ਵੱਧ ਝੁਲਸੇ

0
ਨਵੀਂ ਦਿੱਲੀ, 3ਜੂਨ (ਦੀਪਕ ਦੱਤਾ) : ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ 21 ਲੋਕਾਂ ਦੀ ਜ਼ਿੰਦਾ ਸੜ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਮੰਗਲਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ 25 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਲੈਮਨ ਗ੍ਰੀਨ ਰੈਸਟੋਰੈਂਟ’ ‘ਚ ਮਚੀ ਤਬਾਹੀ
ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ, ਮਾਲਵੀਆ ਨਗਰ ਸਥਿਤ ‘ਲੈਮਨ ਗ੍ਰੀਨ ਰੈਸਟੋਰੈਂਟ’ ਵਿੱਚ ਸਵੇਰੇ ਅਚਾਨਕ ਅੱਗ ਭੜਕ ਉੱਠੀ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਤੇ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ।
ਸੂਚਨਾ ਮਿਲਦੇ ਹੀ ਦਿੱਲੀ ਫਾਇਰ ਸਰਵਿਸ ਦੀਆਂ 10 ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਅੱਗ ਲੱਗਣ ਕਾਰਨ ਕਈ ਲੋਕ ਰੈਸਟੋਰੈਂਟ ਦੇ ਅੰਦਰ ਹੀ ਫਸ ਗਏ ਸਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਅੱਗ ਬੁਝਾਊ ਦਸਤੇ ਅਤੇ ਰਾਹਤ ਟੀਮਾਂ ਵੱਲੋਂ ਭਾਰੀ ਮੁਸ਼ੱਕਤ ਨਾਲ ਵੱਡੇ ਪੱਧਰ ‘ਤੇ ਬਚਾਅ ਕਾਰਜ ਚਲਾਇਆ ਗਿਆ।
ਸਵੇਰੇ 9 ਵਜੇ ਵਾਪਰਿਆ ਹਾਦਸਾ, ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ

ਇਲਾਕੇ ਦੇ ਵਿਧਾਇਕ ਸਤੀਸ਼ ਉਪਾਧਿਆਏ ਅਨੁਸਾਰ: “ਇਹ ਹਾਦਸਾ ਸਵੇਰੇ ਤਕਰੀਬਨ 9:00 ਵਜੇ ਵਾਪਰਿਆ, ਜੋ ਕਿ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ। ਸੂਚਨਾ ਮਿਲਦਿਆਂ ਹੀ ਆਫ਼ਤ ਪ੍ਰਬੰਧਨ ਟੀਮ, ਜ਼ਿਲ੍ਹਾ ਮੈਜਿਸਟਰੇਟ, ਐਸ.ਐਚ.ਓ., ਐਸ.ਡੀ.ਐਮ. ਅਤੇ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ (ਡੀਸੀ) ਸਮੇਤ ਸਮੁੱਚੇ ਪ੍ਰਸ਼ਾਸਨਿਕ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।”

ਵਿਧਾਇਕ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਖੁਲਾਸਾ ਪੂਰੀ ਜਾਂਚ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਹੋ ਸਕੇਗਾ।_

Exit mobile version