ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 3ਜੂਨ (ਦੀਪਕ ਦੱਤਾ): “ਤੁਸੀਂ ਸਿਰਫ਼ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨ ਨਾ ਬਣੋ, ਸਗੋਂ ਅਜਿਹੇ ਨੌਜਵਾਨ ਬਣੋ ਜੋ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇ।” ਇਹ ਪ੍ਰੇਰਣਾਦਾਇਕ ਵਿਚਾਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ (CU) ਵਿਖੇ ਤੀਜੇ ‘ਸੀਯੂ ਸਕਾਲਰਜ਼ ਸਮਿਟ 2026’ ਦੇ ਉਦਘਾਟਨ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਸਟਾਰਟਅੱਪ ਇੰਡੀਆ, ਸਕਿੱਲ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਰਕਾਰੀ ਸਕੀਮਾਂ ਨੌਜਵਾਨ ਪੀੜ੍ਹੀ ਨੂੰ ਆਤਮ-ਨਿਰਭਰ ਅਤੇ ਸਮਰੱਥ ਬਣਾ ਰਹੀਆਂ ਹਨ ਤਾਂ ਜੋ ਉਹ ਖ਼ੁਦ ਦੇ ਪੈਰਾਂ ‘ਤੇ ਖੜ੍ਹੇ ਹੋ ਸਕਣ।
22 ਸੂਬਿਆਂ ਦੇ 3,000 ਟੌਪਰ ਵਿਦਿਆਰਥੀ ਹੋਏ ਸਨਮਾਨਤ
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਵੱਕਾਰੀ ਸਮਿਟ ਦੌਰਾਨ ਯੂਨੀਵਰਸਿਟੀ ਦੇ ਐਂਟਰੈਂਸ ਟੈਸਟ ‘CUCET 2026’ ਦੇ ਟੌਪਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਸਮੇਤ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਖ-ਵੱਖ ਵਿਸ਼ਿਆਂ ਦੇ ਲਗਭਗ 3,000 ਹੋਣਹਾਰ ਵਿਦਿਆਰਥੀ ਸ਼ਾਮਲ ਹੋਏ।
ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਪ੍ਰਾਚੀਨ ਵਿਰਾਸਤ ਨਾਲ ਜੁੜਨ ਦੀ ਲੋੜ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਮੁੱਖ ਭਾਸ਼ਣ ਵਿੱਚ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੋਜ ਲਈ ਸਿਰਫ਼ ਪੱਛਮੀ ਮੁਲਕਾਂ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।
ਰਾਜਪਾਲ ਕਟਾਰੀਆ ਦਾ ਵੱਡਾ ਬਿਆਨ: “ਤੁਸੀਂ ਕੋਈ ਆਮ ਵਿਦਿਆਰਥੀ ਨਹੀਂ ਹੋ, ਤੁਸੀਂ ਮਹਾਨ ਆਰੀਆਭੱਟ, ਚਰਕ, ਸੁਸ਼ਰੁਤ, ਪਾਣਿਨੀ ਅਤੇ ਚਾਣਕਿਆ ਵਰਗੇ ਯੁੱਗ ਪੁਰਸ਼ਾਂ ਦੀ ਵਿਗਿਆਨਕ ਵਿਰਾਸਤ ਦੇ ਸਿੱਧੇ ਵਾਰਸ ਹੋ। ਤੁਹਾਡੇ ਅੰਦਰਲੀ ਖੋਜ ਦੀ ਚਮਕ ਹੀ 21ਵੀਂ ਸਦੀ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ‘ਵਿਸ਼ਵ ਗੁਰੂ’ ਵਜੋਂ ਗਲੋਬਲ ਲੀਡਰਸ਼ਿਪ ਦੇ ਸਿਖ਼ਰ ਤੱਕ ਲੈ ਕੇ ਜਾਵੇਗੀ।”
