Homeਪੰਜਾਬਜਲੰਧਰ ਅੱਤਵਾਦੀ ਮਾਡਿਊਲ: NIA ਅਦਾਲਤ ਵੱਲੋਂ 3 ਵਿਦਿਆਰਥੀ ਦੋਸ਼ੀ ਕਰਾਰ, ਸਜ਼ਾ ਭਲਕੇ
ਜਲੰਧਰ ਅੱਤਵਾਦੀ ਮਾਡਿਊਲ: NIA ਅਦਾਲਤ ਵੱਲੋਂ 3 ਵਿਦਿਆਰਥੀ ਦੋਸ਼ੀ ਕਰਾਰ, ਸਜ਼ਾ ਭਲਕੇ
ਪੰਜਾਬ, 3ਜੂਨ (ਹਰਸ਼ਲੀਨ ਸਿੰਘ): ਰਾਸ਼ਟਰੀ ਜਾਂਚ ਏਜੰਸੀ (NIA) ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੰਸਾਰ ਗਜ਼ਵਤ-ਉਲ-ਹਿੰਦ (AGH) ਅੱਤਵਾਦੀ ਮਾਡਿਊਲ ਨਾਲ ਜੁੜੇ ਤਿੰਨ ਵਿਦਿਆਰਥੀਆਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਅਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਹੈ। ਦੋਸ਼ੀ ਕਰਾਰ ਦਿੱਤੇ ਗਏ ਵਿਦਿਆਰਥੀਆਂ ਦੀ ਪਛਾਣ ਜ਼ਾਹਿਦ ਗੁਲਜ਼ਾਰ, ਯਾਸੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਵਜੋਂ ਹੋਈ ਹੈ। ਅਦਾਲਤ 4 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਦੀ ਸਜ਼ਾ ਦਾ ਐਲਾਨ ਕਰੇਗੀ, ਜਦਕਿ ਚੌਥੇ ਮੁਲਜ਼ਮ ਸੁਹੈਲ ਅਹਿਮਦ ਭੱਟ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਹੋਸਟਲ ‘ਚੋਂ ਮਿਲਿਆ ਸੀ ਹਥਿਆਰਾਂ ਦਾ ਜ਼ਖੀਰਾ
ਇਹ ਮਾਮਲਾ 10 ਅਕਤੂਬਰ, 2018 ਨੂੰ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਸੁਰੱਖਿਆ ਏਜੰਸੀਆਂ ਨੇ ਜਲੰਧਰ ਦੀ ਇੱਕ ਵਿਦਿਅਕ ਸੰਸਥਾ ਦੇ ਹੋਸਟਲ ਕਮਰੇ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਉੱਥੋਂ ਹੇਠ ਲਿਖੀ ਬਰਾਮਦਗੀ ਹੋਈ ਸੀ:
-
ਇੱਕ AK-56 ਰਾਈਫਲ
-
ਇੱਕ 30-ਬੋਰ ਮਾਊਜ਼ਰ ਰਾਈਫਲ
-
ਜ਼ਿੰਦਾ ਕਾਰਤੂਸ
-
ਲਗਭਗ 1 ਕਿਲੋਗ੍ਰਾਮ ਵਿਸਫੋਟਕ ਪਾਊਡਰ (ਜਾਂਚ ਵਿੱਚ ਇਹ ਅਮੋਨੀਅਮ ਨਾਈਟ੍ਰੇਟ ਅਤੇ ਐਲੂਮੀਨੀਅਮ ਦਾ ਮਿਸ਼ਰਣ ਪਾਇਆ ਗਿਆ, ਜੋ ਬੰਬ ਬਣਾਉਣ ਵਿੱਚ ਵਰਤਿਆ ਜਾਂਦਾ ਹੈ)
ਬਾਅਦ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ NIA ਨੂੰ ਸੌਂਪ ਦਿੱਤੀ ਗਈ ਸੀ।
ਟੈਲੀਗ੍ਰਾਮ ਰਾਹੀਂ ਅੱਤਵਾਦੀ ਜ਼ਾਕਿਰ ਮੂਸਾ ਨਾਲ ਸੰਪਰਕ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਵਿਦਿਆਰਥੀ AGH ਦੇ ਮੁਖੀ ਜ਼ਾਕਿਰ ਮੂਸਾ ਨਾਲ ਟੈਲੀਗ੍ਰਾਮ ਐਪ ਰਾਹੀਂ ਸਿੱਧੇ ਸੰਪਰਕ ਵਿੱਚ ਸਨ ਅਤੇ ਹਥਿਆਰਾਂ ਤੇ ਵਿਸਫੋਟਕਾਂ ਦੀ ਲੋਕੇਸ਼ਨ ਸਾਂਝੀ ਕਰਦੇ ਸਨ।
-
“ਆਲੂ” ਕੋਡ ਵਰਡ: ਮੁਲਜ਼ਮ ਗ੍ਰਨੇਡਾਂ ਲਈ ਕੋਡ ਵਰਡ ਵਜੋਂ “ਆਲੂ” ਸ਼ਬਦ ਦੀ ਵਰਤੋਂ ਕਰਦੇ ਸਨ।
-
ਹਥਿਆਰਾਂ ਦੀ ਸਪਲਾਈ: ਜ਼ਾਹਿਦ ਗੁਲਜ਼ਾਰ ਨੇ 3 ਅਗਸਤ, 2018 ਨੂੰ ਗੁਰਦਾਸਪੁਰ ਦੇ ਇੱਕ ਰੈਸਟੋਰੈਂਟ ਤੋਂ ਵਿਸਫੋਟਕ ਚੁੱਕੇ ਸਨ, ਜਦਕਿ 7 ਅਕਤੂਬਰ, 2018 ਨੂੰ ਜ਼ਾਹਿਦ ਅਤੇ ਇਦਰੀਸ਼ ਨੇ ਅੰਮ੍ਰਿਤਸਰ ਦੇ ਤਰਨਤਾਰਨ ਬਾਈਪਾਸ ਕੋਲੋਂ ਦੱਬੇ ਹੋਏ ਹਥਿਆਰ ਬਰਾਮਦ ਕੀਤੇ ਸਨ।
-
ਭਾਰਤ ਵਿਰੋਧੀ ਸਮੱਗਰੀ: ਮੁਲਜ਼ਮਾਂ ਦੇ ਫੋਨ ਅਤੇ ਲੈਪਟਾਪ ਵਿੱਚੋਂ ਅੱਤਵਾਦੀਆਂ ਦੀਆਂ ਤਸਵੀਰਾਂ, ਦੇਸ਼ ਵਿਰੋਧੀ ਭੜਕਾਊ ਵੀਡੀਓ ਅਤੇ 23 ਇਤਰਾਜ਼ਯੋਗ ਪੋਸਟਰ ਮਿਲੇ ਹਨ।
ਅਦਾਲਤੀ ਕਾਰਵਾਈ: ਅਦਾਲਤ ਨੇ ਤਿੰਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA), ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਭਾਰਤੀ ਦੰਡ ਸੰਹਿਤਾ (IPC) ਦੀਆਂ ਧਾਰਾਵਾਂ 121-A, 122 ਅਤੇ 120-B ਤਹਿਤ ਦੋਸ਼ੀ ਕਰਾਰ ਦਿੱਤਾ ਹੈ।