ਪੰਜਾਬ, 3ਜੂਨ (ਹਰਸ਼ਲੀਨ ਸਿੰਘ): ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਹੋਰ ਸੁਖਾਲਾ ਬਣਾਉਣ ਅਤੇ ਸਰਕਾਰੀ ਹਸਪਤਾਲਾਂ ‘ਤੇ ਮਰੀਜ਼ਾਂ ਦਾ ਬੋਝ ਘਟਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ ਸੂਚੀਬੱਧ (ਪੈਨਲ ‘ਤੇ ਮੌਜੂਦ) ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ (ਇਲਾਜ ਅਤੇ ਅਪ੍ਰੇਸ਼ਨ) ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਹੁਣ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਇਸ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਸਰਕਾਰੀ ਹਸਪਤਾਲਾਂ ‘ਚ ਲੰਬੀਆਂ ਕਤਾਰਾਂ ਤੋਂ ਮਿਲੇਗੀ ਨਿਜਾਤ
ਪਹਿਲਾਂ ਇਹ 17 ਮੈਡੀਕਲ ਪ੍ਰਕਿਰਿਆਵਾਂ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਹੀ ਸੀਮਤ ਸਨ, ਜਿਸ ਕਾਰਨ ਮਰੀਜ਼ਾਂ ਨੂੰ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਸੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਖ਼ਾਸ ਕਰਕੇ ਉਨ੍ਹਾਂ ਜ਼ਿਲ੍ਹਿਆਂ ਨੂੰ ਵੱਡਾ ਫਾਇਦਾ ਹੋਵੇਗਾ ਜਿੱਥੇ ਸਰਕਾਰੀ ਹਸਪਤਾਲਾਂ ‘ਤੇ ਨਿਰਭਰਤਾ ਜ਼ਿਆਦਾ ਹੈ। ਇਸ ਨਾਲ ਵੱਡੇ ਸਰਕਾਰੀ ਹਸਪਤਾਲਾਂ ‘ਤੇ ਦਬਾਅ ਘਟੇਗਾ, ਉਡੀਕ ਸਮਾਂ ਘਟੇਗਾ ਅਤੇ ਮਰੀਜ਼ਾਂ ਨੂੰ ਘਰ ਦੇ ਨੇੜੇ ਸਮੇਂ ਸਿਰ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲ ਸਕੇਗਾ।
ਇਨ੍ਹਾਂ 17 ਨਵੀਆਂ ਡਾਕਟਰੀ ਸਹੂਲਤਾਂ ਨੂੰ ਮਿਲੀ ਪ੍ਰਵਾਨਗੀ
ਨਵੀਆਂ ਮਨਜ਼ੂਰਸ਼ੁਦਾ ਪ੍ਰਕਿਰਿਆਵਾਂ ਦੇ ਪੈਕੇਜ ਰੇਟ 2,000 ਰੁਪਏ ਤੋਂ ਲੈ ਕੇ 27,800 ਰੁਪਏ ਤੱਕ ਨਿਰਧਾਰਤ ਕੀਤੇ ਗਏ ਹਨ, ਜਿਸ ਵਿੱਚ ਇਹ ਮੁੱਖ ਇਲਾਜ ਸ਼ਾਮਲ ਹਨ:
-
ਜਨਰਲ ਸਰਜਰੀ: ਹਾਈਡ੍ਰੋਸੀਲ, ਫੋੜੇ ਦਾ ਇਲਾਜ, ਐਪੈਂਡਿਕਸ ਦੀ ਸਰਜਰੀ ਅਤੇ ਓਪਨ ਤੇ ਲੈਪ੍ਰੋਸਕੋਪਿਕ (ਦੂਰਬੀਨ ਵਾਲੀ) ਗਾਲ ਬਲੈਡਰ (ਪਿੱਤੇ) ਦੀ ਸਰਜਰੀ।
-
ਈਐਨਟੀ (ਕੰਨ, ਨੱਕ, ਗਲਾ): ਨੱਕ ਦੀ ਹੱਡੀ ਦੇ ਫ੍ਰੈਕਚਰ ਦੀ ਸੈਟਿੰਗ ਅਤੇ ਐਡੀਨੋਇਡੈਕਟੋਮੀ ਦੇ ਅਪ੍ਰੇਸ਼ਨ।
-
ਨੇਤਰ ਰੋਗ (ਅੱਖਾਂ): ਪਟੈਰਿਜੀਅਮ ਐਕਸੀਜ਼ਨ ਅਤੇ ਐਂਟਰੋਪੀਅਨ ਕਰੈਕਸ਼ਨ।
-
ਆਰਥੋਪੀਡਿਕ (ਹੱਡੀਆਂ): ਟੈਂਡਨ ਰਿਲੀਜ਼, ਛੋਟੇ ਜੋੜਾਂ ਦੀਆਂ ਸੱਟਾਂ ਦਾ ਇਲਾਜ ਅਤੇ ਗਿੱਟੇ ਦੇ ਫ੍ਰੈਕਚਰ ਦੇ ਆਪਰੇਸ਼ਨ।
-
ਮਹਿਲਾ ਸਿਹਤ ਸੇਵਾਵਾਂ: 12 ਹਫ਼ਤਿਆਂ ਤੋਂ ਵੱਧ ਸਮੇਂ ਦੀ ਗਰਭ ਪਾਤ ਪ੍ਰਕਿਰਿਆ, ਹਿਸਟੈਰੋਟੋਮੀ, ਗਰਭ ਅਵਸਥਾ ਦੀਆਂ ਜਟਿਲਤਾਵਾਂ ਲਈ ਹਸਪਤਾਲ ਦਾਖ਼ਲਾ ਅਤੇ ਪੀੜਤਾਂ ਦੀ ਐਨੇਸਥੀਸੀਆ ਅਧੀਨ ਵਿਸ਼ੇਸ਼ ਜਾਂਚ।
ਇਕੱਲੇ ਰਹਿਣ ਵਾਲੇ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਮਿਲਿਆ ਵੱਡਾ ਸਹਾਰਾ
ਯੋਜਨਾ ਦੇ ਨਿਯਮਾਂ ‘ਚ ਬਦਲਾਅ: ਇਹ ਸਿਹਤ ਬੀਮਾ ਪ੍ਰੋਗਰਾਮ ਪਹਿਲਾਂ ਸਿਰਫ਼ ਦੋ ਜਾਂ ਇਸ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਲਈ ਸੀ। ਹੁਣ ਇਸ ਦਾ ਦਾਇਰਾ ਵਧਾ ਕੇ ਇਕੱਲੇ ਰਹਿਣ ਵਾਲੇ ਸੀਨੀਅਰ ਸਿਟੀਜ਼ਨਾਂ, ਵਿਧਵਾਵਾਂ ਅਤੇ ਉਨ੍ਹਾਂ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਵੱਸਦੇ ਹਨ।









