Homeਪੰਜਾਬਰਾਜਪੁਰਾ ਦੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਲਾਸ਼ ਲਿਆਉਣ...
ਰਾਜਪੁਰਾ ਦੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਲਾਸ਼ ਲਿਆਉਣ ਲਈ ਮਾਂ ਨੇ ਲਗਾਈ ਗੁਹਾਰ
ਰਾਜਪੁਰਾ/ਖੰਨਾ, 3ਜੂਨ (ਹਰਸ਼ਲੀਨ ਸਿੰਘ): ਲੱਖਾਂ ਪੰਜਾਬੀ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਅਤੇ ਘਰ ਦੇ ਹਾਲਾਤ ਬਦਲਣ ਦੇ ਸੁਪਨੇ ਲੈ ਕੇ ਕੈਨੇਡਾ ਗਏ ਰਾਜਪੁਰਾ ਦੇ 24 ਸਾਲਾ ਨੌਜਵਾਨ ਰੂਬਲ ਕੁਮਾਰ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਬਹੁਤ ਮੁਸ਼ਕਿਲਾਂ ਨਾਲ ਮਾਂ ਨੇ ਭੇਜਿਆ ਸੀ ਵਿਦੇਸ਼
ਮਿਲੀ ਜਾਣਕਾਰੀ ਅਨੁਸਾਰ, ਰੂਬਲ ਦੇ ਸਿਰ ਤੋਂ ਪਿਤਾ ਸ਼ਿਵ ਕੁਮਾਰ ਦਾ ਸਾਇਆ 22 ਸਾਲ ਪਹਿਲਾਂ ਹੀ ਉੱਠ ਗਿਆ ਸੀ। ਉਸ ਦੀ ਵਿਧਵਾ ਮਾਂ ਗੁਰਜੀਤ ਕੌਰ ਨੇ ਬੇਹੱਦ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦਿਆਂ, ਪੇਟ ਕੱਟ ਕੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਦੇ ਸਹਾਰੇ ਮਾਂ ਨੇ ਬੁਢਾਪਾ ਕੱਟਣਾ ਸੀ, ਉਹ ਹਮੇਸ਼ਾ ਲਈ ਵਿਛੜ ਜਾਵੇਗਾ।
ਆਰਥਿਕ ਤੰਗੀ ਕਾਰਨ ਲਾਸ਼ ਲਿਆਉਣ ‘ਚ ਪਰਿਵਾਰ ਅਸਮਰੱਥ
ਪਰਿਵਾਰ ਦੀ ਮਾਲੀ ਹਾਲਤ ਬੇਹੱਦ ਕਮਜ਼ੋਰ ਹੈ, ਜਿਸ ਕਾਰਨ ਉਹ ਰੂਬਲ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦਾ ਖਰਚਾ ਚੁੱਕਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ।
ਰਾਜਪਾਲ ਕੋਲੋਂ ਮਦਦ ਦੀ ਗੁਹਾਰ ਪੀੜਤ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਖੰਨਾ ਤੋਂ ਭਾਜਪਾ ਆਗੂ ਪਰਮ ਵਾਲੀਆ ਤੱਕ ਪਹੁੰਚ ਕੀਤੀ। ਮਾਮਲਾ ਸੰਗਿਆਨ ਵਿੱਚ ਆਉਣ ਤੋਂ ਬਾਅਦ, ਭਾਜਪਾ ਆਗੂ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦੇ ਹੋਏ, ਨੌਜਵਾਨ ਦੀ ਲਾਸ਼ ਨੂੰ ਸਰਕਾਰੀ ਖਰਚੇ ‘ਤੇ ਭਾਰਤ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ।