Home ਪਟਿਆਲਾ ਅਪਡੇਟ ਪਟਿਆਲਾ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 29...

ਪਟਿਆਲਾ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 29 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

0

ਪਟਿਆਲਾ:2ਜੂਨ (ਛਤਰਪਾਲ ਸਿੰਘ):ਪਟਿਆਲਾ ਦੇ ਹੀਰਾ ਬਾਗ ਇਲਾਕੇ ਵਿੱਚ ਦੇਰ ਰਾਤ ਗੁੰਡਾਗਰਦੀ ਅਤੇ ਖ਼ੂਨੀ ਖੇਡ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਰੀਬ ਪੰਜ ਹਮਲਾਵਰਾਂ ਨੇ ਇੱਕ 29 ਸਾਲਾ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਚੌਰਾ ਦੇ ਰਹਿਣ ਵਾਲੇ ਅਭਿਸ਼ੇਕ ਉਰਫ਼ ਅਭੀ ਵਜੋਂ ਹੋਈ ਹੈ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਈ-ਰਿਕਸ਼ਾ ਰੋਕ ਕੇ ਕੀਤਾ ਤਾਬੜਤੋੜ ਹਮਲਾ

ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ, ਮ੍ਰਿਤਕ ਅਭਿਸ਼ੇਕ (ਅਭੀ) ਰਾਤ ਦੇ ਸਮੇਂ ਆਪਣੇ ਇੱਕ ਦੋਸਤ ਨਾਲ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਪਿੰਡ ਚੌਰਾ ਵੱਲ ਜਾ ਰਿਹਾ ਸੀ। ਜਦੋਂ ਉਹ ਹੀਰਾ ਬਾਗ ਗਲੀ ਨੰਬਰ-2 ਦੇ ਨੇੜੇ ਪਹੁੰਚੇ ਤਾਂ ਰਸਤੇ ਵਿੱਚ ਘਾਤ ਲਗਾ ਕੇ ਬੈਠੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਅਭੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਵਾਰਦਾਤ ਤੋਂ ਤੁਰੰਤ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਦੇ ਦੋਸਤ ਨੇ ਅਭੀ ਨੂੰ ਹਸਪਤਾਲ ਪਹੁੰਚਾਇਆ, ਪਰ ਬਹੁਤ ਜ਼ਿਆਦਾ ਖ਼ੂਨ ਵਹਿ ਜਾਣ ਅਤੇ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ।

ਨਸ਼ਾ ਤਸਕਰੀ ਦੀ ਮੁਖ਼ਬਰੀ ਦੇ ਸ਼ੱਕ ‘ਚ ਕਤਲ!

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਭਰਾ ਹਿਤੇਸ਼ ਨੇ ਦੋਸ਼ ਲਗਾਇਆ ਹੈ ਕਿ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਅਤੇ ਨਸ਼ਾ ਤਸਕਰੀ ਦਾ ਮਾਮਲਾ ਹੈ। ਪਰਿਵਾਰ ਮੁਤਾਬਕ ਮੁੱਖ ਮੁਲਜ਼ਮ ‘ਕੀਚੂ’ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਕੁਝ ਸਮੇਂ ਪਹਿਲਾਂ ਪੁਲਿਸ ਨੇ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਸੀ, ਜਿੱਥੇ ਪਿੰਡ ਦੇ ਹੋਰ ਲੋਕਾਂ ਦੇ ਨਾਲ ਅਭੀ ਵੀ ਮੌਜੂਦ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਪੁਲਿਸ ਨੂੰ ਉਸ ਦੇ ਗ਼ੈਰ-ਕਾਨੂੰਨੀ ਧੰਦੇ ਦੀ ਮੁਖ਼ਬਰੀ ਅਭੀ ਨੇ ਹੀ ਕੀਤੀ ਸੀ। ਇਸੇ ਸ਼ੱਕ ਦੇ ਆਧਾਰ ‘ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਖ਼ੂਨੀ ਕਾਂਡ ਨੂੰ ਅੰਜਾਮ ਦਿੱਤਾ।

ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮਾਂ ਦੀ ਭਾਲ ਜਾਰੀ

ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮੁੱਖ ਮੁਲਜ਼ਮ ਕੀਚੂ (ਵਾਸੀ ਪਿੰਡ ਚੌਰਾ) ਸਣੇ 5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਰਿਵਾਰ ਦਾ ਰੋ-ਰੋ ਬੁਰਾ ਹਾਲ: ਮ੍ਰਿਤਕ ਅਭੀ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ।

Exit mobile version