ਖੰਨਾ, 29 ਮਈ29 ਮਈ (ਛਤਰਪਾਲ ਸਿੰਘ): ਦੇਸ਼ ਦੀਆਂ ਸਰਹੱਦਾਂ ’ਤੇ ਮੁਸਤੈਦੀ ਨਾਲ ਤਾਇਨਾਤ ਫੌਜੀਆਂ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੁਣ ਦੇਸ਼ ਦੇ ਜਵਾਨਾਂ ਨੂੰ ਆਪਣੇ ਘਰੇਲੂ ਜ਼ਿਲ੍ਹਿਆਂ ਵਿੱਚ ਚੱਲ ਰਹੇ ਪੁਲਿਸ ਵਿਭਾਗ ਨਾਲ ਸਬੰਧਤ ਮਾਮਲਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਹੱਦਾਂ ਤੋਂ ਵਿਸ਼ੇਸ਼ ਤੌਰ ’ਤੇ ਛੁੱਟੀ ਲੈ ਕੇ ਘਰ ਆਉਣ ਦੀ ਲੋੜ ਨਹੀਂ ਪਵੇਗੀ। ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਜਵਾਨਾਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਹੀ ਤੁਰੰਤ ਇਨਸਾਫ਼ ਮੁਹੱਈਆ ਕਰਵਾਉਣ ਲਈ ਇੱਕ ਵਿਲੱਖਣ ਅਤੇ ਬੇਹੱਦ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ।
ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਖੰਨਾ, ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ “ਸੈਨਿਕ ਸਮਾਧਾਨ ਉਪਰਾਲਾ” ਨਾਮਕ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੀਆਂ ਮਾਨਸਿਕ ਚਿੰਤਾਵਾਂ ਨੂੰ ਦੂਰ ਕਰਨਾ ਹੈ, ਤਾਂ ਜੋ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਡਿਊਟੀ ਨਿਭਾ ਸਕਣ।
ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਸੁਣਵਾਈ
ਇਸ ਨਵੇਂ ਉਪਰਾਲੇ ਤਹਿਤ ਫੌਜੀ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਹੁਣ ਆਪਣੀਆਂ ਸ਼ਿਕਾਇਤਾਂ ਦੀ ਸੁਣਵਾਈ ਸਿੱਧੇ ਵੀਡੀਓ ਕਾਨਫਰੰਸ (VC) ਰਾਹੀਂ ਕਰਵਾ ਸਕਣਗੇ।
ਸ਼ਿਕਾਇਤ ਅਤੇ ਸੁਣਵਾਈ ਦਾ ਤਰੀਕਾ:
-
ਈ-ਮੇਲ ਰਾਹੀਂ ਸ਼ਿਕਾਇਤ: ਦੇਸ਼ ਦੇ ਸੈਨਿਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਿਸੇ ਵੀ ਦਿਨ ਆਪਣੀ ਸ਼ਿਕਾਇਤ ਈ-ਮੇਲ ਰਾਹੀਂ ਖੰਨਾ ਪੁਲਿਸ ਨੂੰ ਭੇਜ ਸਕਦੇ ਹਨ।
-
ਵੀਡੀਓ ਕਾਨਫਰੰਸ ਰਾਹੀਂ ਸੁਣਵਾਈ: ਪ੍ਰਾਪਤ ਹੋਈਆਂ ਸ਼ਿਕਾਇਤਾਂ ’ਤੇ ਸਿਰਫ਼ ਸ਼ਨੀਵਾਰ ਵਾਲੇ ਦਿਨ ਦੋ ਘੰਟੇ ਵਿਸ਼ੇਸ਼ ਤੌਰ ’ਤੇ ਵੀਡੀਓ ਕਾਨਫਰੰਸ ਰਾਹੀਂ ਸਿੱਧੀ ਸੁਣਵਾਈ ਕੀਤੀ ਜਾਵੇਗੀ।
ਮੁੱਖ ਲਾਭ: ਖੰਨਾ ਪੁਲਿਸ ਦੇ ਇਸ ਡਿਜੀਟਲ ਕਦਮ ਨਾਲ ਜਵਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ ਅਤੇ ਉਨ੍ਹਾਂ ਦੇ ਘਰੇਲੂ ਮਸਲੇ ਡਿਊਟੀ ’ਤੇ ਤਾਇਨਾਤ ਰਹਿੰਦਿਆਂ ਹੀ ਹੱਲ ਹੋ ਜਾਣਗੇ। ਇਲਾਕੇ ਦੇ ਲੋਕਾਂ ਅਤੇ ਸਾਬਕਾ ਸੈਨਿਕਾਂ ਵੱਲੋਂ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।









