ਚੰਡੀਗੜ੍ਹ 28 ਮਈ (ਮਨੋਜ ਵਰਮਾ):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਅਮਰੀਕਾ ਦੇ ਡਰੋਂ ਰੂਸ ਤੋਂ ਸਸਤਾ ਤੇਲ ਲੈਣ ਤੋਂ ਪਿੱਛੇ ਹਟ ਰਹੀ ਹੈ, ਜਿਸ ਦਾ ਸਿੱਧਾ ਖਮਿਆਜ਼ਾ ਦੇਸ਼ ਦੀ ਆਮ ਜਨਤਾ ਨੂੰ ਮਹਿੰਗਾ ਤੇਲ ਖਰੀਦ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਅੱਗੇ ਗੋਡੇ ਟੇਕ ਕੇ ਦੇਸ਼ ਕਦੇ ਵੀ ‘ਵਿਸ਼ਵ ਗੁਰੂ’ ਨਹੀਂ ਬਣ ਸਕਦਾ। ਕੇਂਦਰ ਦੀਆਂ ਇਨ੍ਹਾਂ ਨਾਕਾਮ ਵਿਦੇਸ਼ੀ ਅਤੇ ਆਰਥਿਕ ਨੀਤੀਆਂ ਕਾਰਨ ਅੱਜ ਦੇਸ਼ ਵਿੱਚ ਮਹਿੰਗਾਈ ਅਸਮਾਨ ਛੂਹ ਰਹੀ ਹੈ।
“ਕੀ ਸਾਡਾ ਦੇਸ਼ ਵ੍ਹਾਈਟ ਹਾਊਸ ਤੋਂ ਚੱਲ ਰਿਹਾ ਹੈ?”
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਪ੍ਰਭੂਸੱਤਾ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਅਜਿਹਾ ਮਾਹੌਲ ਬਣ ਗਿਆ ਹੈ ਜਿਵੇਂ ਭਾਰਤ ਨੂੰ ਆਪਣੇ ਫੈਸਲੇ ਲੈਣ ਲਈ ਵੀ ਅਮਰੀਕਾ ਦੀ ਮਨਜ਼ੂਰੀ ਦੀ ਲੋੜ ਹੋਵੇ। ਉਨ੍ਹਾਂ ਕਿਹਾ, “ਸਾਨੂੰ ਇਹ ਸਵਾਲ ਪੁੱਛਣਾ ਪਵੇਗਾ ਕਿ ਕੀ ਸਾਡਾ ਦੇਸ਼ ਵ੍ਹਾਈਟ ਹਾਊਸ (ਅਮਰੀਕਾ) ਦੇ ਇਸ਼ਾਰਿਆਂ ‘ਤੇ ਚੱਲ ਰਿਹਾ ਹੈ? ਜਦੋਂ ਰੂਸ ਸਾਨੂੰ ਸਸਤੇ ਭਾਅ ‘ਤੇ ਕੱਚਾ ਤੇਲ ਦੇਣ ਲਈ ਤਿਆਰ ਹੈ, ਤਾਂ ਅਮਰੀਕੀ ਦਬਾਅ ਅੱਗੇ ਝੁਕ ਕੇ ਦੇਸ਼ ਦੇ ਹਿੱਤਾਂ ਨੂੰ ਕਿਉਂ ਕੁਰਬਾਨ ਕੀਤਾ ਜਾ ਰਿਹਾ ਹੈ?”
‘ਵਿਸ਼ਵ ਗੁਰੂ’ ਦੇ ਦਾਅਵੇ ਫੋਕੇ, ਦੇਸ਼ ਨੂੰ ਬਣਾ ਦਿੱਤਾ ‘ਵਿਸ਼ਵ ਚੇਲਾ’
ਕੇਂਦਰ ਦੇ ਪ੍ਰਚਾਰ ‘ਤੇ ਤਨਜ਼ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੋ ਨੇਤਾ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ, ਉਨ੍ਹਾਂ ਨੇ ਆਪਣੀਆਂ ਕਮਜ਼ੋਰ ਨੀਤੀਆਂ ਕਾਰਨ ਭਾਰਤ ਨੂੰ ‘ਵਿਸ਼ਵ ਚੇਲਾ’ ਬਣਾ ਕੇ ਰੱਖ ਦਿੱਤਾ ਹੈ। ਅਮਰੀਕਾ ਦੀਆਂ ਸ਼ਰਤਾਂ ਨੂੰ ਹੂ-ਬ-ਹੂ ਮੰਨਣਾ ਦੇਸ਼ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਨਾਕਾਮੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਦਬਾਅ ਹੇਠ ਕੀਤੇ ਜਾ ਰਹੇ ਵਪਾਰਕ ਸਮਝੌਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਹੋਰ ਵੀ ਖ਼ਤਰਨਾਕ ਸਾਬਤ ਹੋਣਗੇ।
ਮਹਿੰਗਾਈ ਦੀ ਮਾਰ ਹੇਠ ਪਿਸ ਰਹੀ ਹੈ ਜਨਤਾ
ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਸਸਤਾ ਬਾਲਣ ਉਪਲਬਧ ਹੋਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. (LPG) ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕੇਂਦਰ ਦੀ ਇਸੇ ਨਾਕਾਮੀ ਕਰਕੇ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਰਹੀ ਹੈ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ‘ਤੇ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੀ ਕਮਜ਼ੋਰ ਨੀਤੀ ਨੂੰ ਤਿਆਗ ਕੇ ਦੇਸ਼ ਦੀ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਤੁਰੰਤ ਠੋਸ ਕਦਮ ਚੁੱਕੇ।









