Homeਸੰਸਾਰਬੈਲਜੀਅਮ 'ਚ ਭਿਆਨਕ ਹਾਦਸਾ: ਲੈਵਲ-ਕ੍ਰਾਸਿੰਗ 'ਤੇ ਟ੍ਰੇਨ ਅਤੇ ਸਕੂਲ ਬੱਸ ਵਿਚਾਲੇ ਹੋਈ...

ਬੈਲਜੀਅਮ ‘ਚ ਭਿਆਨਕ ਹਾਦਸਾ: ਲੈਵਲ-ਕ੍ਰਾਸਿੰਗ ‘ਤੇ ਟ੍ਰੇਨ ਅਤੇ ਸਕੂਲ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ; 2 ਬੱਚਿਆਂ ਸਣੇ 4 ਦੀ ਮੌਤ

ਬ੍ਰਸੇਲਜ਼:26ਮਈ (ਛਤਰਪਾਲ ਸਿੰਘ):ਯੂਰਪੀ ਦੇਸ਼ ਬੈਲਜੀਅਮ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਮੰਗਲਵਾਰ ਨੂੰ ਇੱਕ ਰੇਲਵੇ ਲੈਵਲ-ਕ੍ਰਾਸਿੰਗ ‘ਤੇ ਤੇਜ਼ ਰਫ਼ਤਾਰ ਟ੍ਰੇਨ ਅਤੇ ਸਕੂਲ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦਿਲ ਕੰਬਾਊ ਹਾਦਸੇ ਵਿੱਚ ਦੋ ਸਕੂਲੀ ਵਿਦਿਆਰਥੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਬ੍ਰਸੇਲਜ਼ ਤੋਂ 23 ਕਿਲੋਮੀਟਰ ਦੂਰ ਵਾਪਰਿਆ ਹਾਦਸਾ

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਇਹ ਹਾਦਸਾ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਤੋਂ ਲਗਭਗ 23 ਕਿਲੋਮੀਟਰ ਦੂਰ ਸਥਿਤ ‘ਬੁਗੇਨਹਾਊਟ ਸਟੇਸ਼ਨ’ (Buggenhout Station) ਦੇ ਨੇੜੇ ਇੱਕ ਰੇਲਵੇ ਫਾਟਕ (ਲੈਵਲ-ਕ੍ਰਾਸਿੰਗ) ‘ਤੇ ਵਾਪਰਿਆ। ਟੱਕਰ ਦੇ ਸਮੇਂ ਇਸ ਛੋਟੀ ਸਕੂਲ ਬੱਸ ਵਿੱਚ ਸੱਤ ਬੱਚੇ, ਇੱਕ ਡਰਾਈਵਰ ਅਤੇ ਬੱਚਿਆਂ ਦੀ ਦੇਖਭਾਲ ਲਈ ਇੱਕ ਅਟੈਂਡੈਂਟ (ਬਾਲਗ) ਸਵਾਰ ਸਨ।

ਬੈਰੀਅਰ ਹੇਠਾਂ ਹੋਣ ਦੇ ਬਾਵਜੂਦ ਲੰਘ ਰਹੀ ਸੀ ਬੱਸ

ਬੈਲਜੀਅਮ ਦੇ ਮੋਬਿਲਿਟੀ ਮੰਤਰੀ ਜੀਨ-ਲਿਊਕ ਕਰੁਕ (Jean-Luc Crucke) ਨੇ ਘਟਨਾ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਰੇਲਵੇ ਕਰਾਸਿੰਗ ਦੇ ਸੁਰੱਖਿਆ ਬੈਰੀਅਰ (ਫਾਟਕ) ਹੇਠਾਂ ਡਿੱਗੇ ਹੋਏ ਸਨ। ਬੈਰੀਅਰ ਬੰਦ ਹੋਣ ਦੇ ਬਾਵਜੂਦ ਬੱਸ ਟ੍ਰੈਕ ‘ਤੇ ਕਿਵੇਂ ਪਹੁੰਚੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕਾਂ ਵਿੱਚ ਬੱਸ ਡਰਾਈਵਰ ਅਤੇ ਅਟੈਂਡੈਂਟ ਵੀ ਸ਼ਾਮਲ

ਇਸ ਭਿਆਨਕ ਟੱਕਰ ਵਿੱਚ ਬੱਸ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਦੋ ਮਾਸੂਮ ਵਿਦਿਆਰਥੀਆਂ, ਬੱਸ ਦੇ ਡਰਾਈਵਰ ਅਤੇ ਬੱਚਿਆਂ ਦੇ ਨਾਲ ਮੌਜੂਦ ਇੱਕ ਬਾਲਗ ਅਟੈਂਡੈਂਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਹੋਰ ਲੋਕਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਬੈਲਜੀਅਮ ਦੇ ਮੋਬਿਲਿਟੀ ਮੰਤਰੀ ਨੇ ਇਸ ਦੁਖਾਂਤ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੇਰੀਆਂ ਪਹਿਲੀਆਂ ਸੰਵੇਦਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ।” ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments