-
14 ਸਾਲਾਂ ਤੋਂ ਲਗਾਤਾਰ ਰਾਜਿੰਦਰਾ ਹਸਪਤਾਲ ‘ਚ ਕੈਂਪ ਲਗਾ ਕੇ ਬਣਾਈ ਨਵੀਂ ਮਿਸਾਲ, 35000 ਤੋਂ ਵੱਧ ਖ਼ੂਨ ਦੀਆਂ ਯੂਨਿਟਾਂ ਕਰਵਾਈਆਂ ਦਾਨ
ਪਟਿਆਲਾ: (ਜਗਦੇਵ ਸਿੰਘ ਜੱਗੀ): ਖ਼ੂਨਦਾਨ ਅਤੇ ਵਾਤਾਵਰਣ ਸੰਭਾਲ ਦੇ ਖ਼ੇਤਰ ਵਿਚ ਵਿਸ਼ਵ ਪੱਧਰੀ ਰਿਕਾਰਡ ਸੇਵਾਵਾਂ ਦੇਣ ਅਤੇ 35,000 ਤੋਂ ਵੱਧ ਯੂਨਿਟ ਖ਼ੂਨ ਦਾਨ ਕਰਵਾ ਕੇ ਇੱਕ ਲੱਖ ਤੋਂ ਵੱਧ ਕੀਮਤੀ ਜ਼ਿੰਦਗੀਆਂ ਬਚਾਉਣ ਵਾਲੇ ‘ਮਿਸ਼ਨ ਲਾਲੀ ਤੇ ਹਰਿਆਲੀ’ ਦੇ ਮੋਢੀ ਸ਼੍ਰੀ ਹਰਦੀਪ ਸਿੰਘ ਸਨੌਰ ਨੂੰ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ‘ਪੋਲਿਊਸ਼ਨ ਫਰੀ ਇੰਡੀਆ ਪ੍ਰੋਜੈਕਟ ਇੰਟਲੈਕਚੁਅਲ ਫੋਰਮ’ ਵੱਲੋਂ ਇਹ ਸਨਮਾਨ ਸਮਾਰੋਹ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਆਯੋਜਿਤ ਕੀਤਾ ਗਿਆ।
14 ਸਾਲਾਂ ਤੋਂ ਨਿਰੰਤਰ ਕੈਂਪ ਲਗਾਉਣ ਦਾ ਅਨੋਖਾ ਵਿਸ਼ਵ ਰਿਕਾਰਡ
- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਅਨਿਲ ਭਾਰਤੀ ਨੇ ਰਜਿੰਦਰਾ ਬਲੱਡ ਬੈਂਕ ਵਿਖੇ ਕੀਤਾ ਸਨਮਾਨਿਤ
ਸ਼੍ਰੀ ਹਰਦੀਪ ਸਿੰਘ ਸਨੌਰ ਨੂੰ ਸਨਮਾਨਿਤ ਕਰਦਿਆਂ ਅੰਤਰਰਾਸ਼ਟਰੀ ਲੇਖਕ, ਸਿੱਖਿਆ ਸ਼ਾਸਤਰੀ ਅਤੇ ਸੰਸਥਾ ਦੇ ਸੰਚਾਲਕ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਗਾਤਾਰ ਖ਼ੂਨਦਾਨ ਕੈਂਪ ਲਗਾਉਣ ਦਾ ਅਦਭੁਤ ਵਿਸ਼ਵ ਰਿਕਾਰਡ ਸਥਾਪਿਤ ਕਰਨ ਕਾਰਨ ਸ਼੍ਰੀ ਸਨੌਰ ਦਾ ਸਨਮਾਨ ਕਰਦੇ ਹੋਏ ਉਹ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਸਨੌਰ ਪਿਛਲੇ 20 ਸਾਲਾਂ ਤੋਂ ਖ਼ੂਨਦਾਨ ਅਤੇ ਲਗਭਗ 29 ਸਾਲਾਂ ਤੋਂ ਹਰਿਆਲੀ ਵਧਾਉਣ ਦੇ ਕਾਰਜਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਦੀ ਟੀਮ ਹੁਣ ਤੱਕ 1132 ਤੋਂ ਵੱਧ ਖ਼ੂਨਦਾਨ ਕੈਂਪ ਲਗਾ ਚੁੱਕੀ ਹੈ।
ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਅਤੁੱਲ ਸੇਵਾ ਕਾਰਜਾਂ ਦੀ ਸ਼ਲਾਘਾ
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਮਿਸ਼ਨ ਲਾਲੀ ਤੇ ਹਰਿਆਲੀ ਰਾਹੀਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਸਮਾਜ ਦਾ ਅਸਲ ਸਰਮਾਇਆ ਹਨ, ਜੋ ਨਿਸ਼ਕਾਮ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ਕਰ ਰਹੀਆਂ ਹਨ।
ਵਾਤਾਵਰਣ ਸੰਭਾਲ ਲਈ ਵੀ ਵੱਡੇ ਉਪਰਾਲੇ
ਅਨਿਲ ਭਾਰਤੀ ਨੇ ਅੱਗੇ ਦੱਸਿਆ ਕਿ ਖ਼ੂਨਦਾਨ ਦੇ ਨਾਲ-ਨਾਲ ਇਹ ਸੰਸਥਾ ਪੰਜਾਬ ਵਿੱਚ ਪ੍ਰਦੂਸ਼ਣ ਰਹਿਤ ਦੁਸਹਿਰਾ, ਦੀਵਾਲੀ ਅਤੇ ਗੁਰਪੁਰਬ ਮਨਾਉਣ ਲਈ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੀ ਹੈ। ਬਰਸਾਤ ਦੇ ਦਿਨਾਂ ਵਿੱਚ ਸੁਰੱਖਿਅਤ ਥਾਵਾਂ ‘ਤੇ ਬੂਟੇ ਲਗਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ 20 ਜੁਲਾਈ ਨੂੰ ‘ਪੰਜਾਬ ਵਾਤਾਵਰਣ ਦਿਵਸ’ ਵਜੋਂ ਮਨਾਉਣ ਦਾ ਉਪਰਾਲਾ ਵੀ ਇਨ੍ਹਾਂ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ।
ਪਟਿਆਲਵੀਆਂ ਲਈ ਮਾਣ ਵਾਲੀ ਗੱਲ, 14 ਜੂਨ ਨੂੰ ਕਰਵਾਇਆ ਜਾਵੇਗਾ ਕਵੀ ਦਰਬਾਰ
ਸਨਮਾਨਿਤ ਹੋਣ ਤੋਂ ਬਾਅਦ ਹਰਦੀਪ ਸਿੰਘ ਸਨੌਰ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਮੁੱਚੇ ਪਟਿਆਲਵੀਆਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਪਟਿਆਲਾ ਅੰਦਰ ਰੈਗੂਲਰ ਖ਼ੂਨਦਾਨੀਆਂ ਦੀ ਸਭ ਤੋਂ ਲੰਮੀ ਸੂਚੀ ‘ਮਿਸ਼ਨ ਲਾਲੀ ਤੇ ਹਰਿਆਲੀ’ ਕੋਲ ਹੈ। ਉਨ੍ਹਾਂ ਐਲਾਨ ਕੀਤਾ ਕਿ 14 ਜੂਨ ਨੂੰ ‘ਵਿਸ਼ਵ ਖ਼ੂਨਦਾਨੀ ਦਿਵਸ’ ਨੂੰ ਸਮਰਪਿਤ ਜਲਦ ਹੀ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਖ਼ੂਨਦਾਨ ਦੇ ਵਿਸ਼ੇ ਨਾਲ ਸਬੰਧਿਤ ਰਚਨਾਵਾਂ ਪੇਸ਼ ਕਰਕੇ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇਗਾ।









