ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ):25ਮਈ (ਛਤਰਪਾਲ ਸਿੰਘ):ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ADM) ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੋਹਾਲੀ ਦੀ ਪ੍ਰਮੁੱਖ ਇੰਮੀਗ੍ਰੇਸ਼ਨ ਫਰਮ ‘ਜੀ.ਜੀ.ਐਸ ਟਰੈਵਲਜ਼’ (GGS Travels) ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਫਰਮ ਦੇ ਮਾਲਕ ਵੱਲੋਂ ਖ਼ੁਦ ਲਾਇਸੰਸ ਸਰੰਡਰ ਕਰਨ ਦੀ ਦਿੱਤੀ ਗਈ ਦਰਖਾਸਤ ਅਤੇ ਪੁਲਿਸ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ।
ਵਿੱਤੀ ਸੰਕਟ ਅਤੇ ਨਿਯਮਾਂ ‘ਚ ਬਦਲਾਅ ਬਣਿਆ ਕਾਰਨ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ ‘ਜੀ.ਜੀ.ਐਸ ਟਰੈਵਲਜ਼’ (ਐਸ.ਸੀ.ਐਫ. ਨੰ: 56, ਤੀਜੀ ਮੰਜ਼ਿਲ, ਫੇਜ਼-3ਬੀ-2, ਮੋਹਾਲੀ) ਦੇ ਮਾਲਕ ਜਸਵਿੰਦਰ ਸਿੰਘ ਸੱਗੂ (ਵਾਸੀ ਪਿੰਡ ਸੰਤੇ ਮਾਜਰਾ, ਖਰੜ) ਨੂੰ 24 ਅਕਤੂਬਰ 2024 ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਨੰਬਰ 724/ਆਈ.ਸੀ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 23 ਅਕਤੂਬਰ 2029 ਤੱਕ ਸੀ।
ਲਾਇਸੰਸੀ ਵੱਲੋਂ ਦਿੱਤੀ ਗਈ ਦਰਖਾਸਤ ਮੁਤਾਬਕ, ਅੰਤਰਰਾਸ਼ਟਰੀ ਪੱਧਰ ‘ਤੇ ਇੰਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਹੋਈਆਂ ਵੱਡੀਆਂ ਤਬਦੀਲੀਆਂ ਕਾਰਨ ਉਨ੍ਹਾਂ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਸੀ। ਲਗਾਤਾਰ ਹੋ ਰਹੇ ਵਿੱਤੀ ਸੰਕਟ ਅਤੇ ਨਿੱਜੀ ਕਾਰਨਾਂ ਕਰਕੇ ਉਹ ਆਪਣੀ ਮਰਜ਼ੀ ਨਾਲ ਇਹ ਲਾਇਸੰਸ ਸਰੰਡਰ ਕਰਨਾ ਚਾਹੁੰਦੇ ਸਨ।
ਪੁਲਿਸ ਜਾਂਚ ‘ਚ ਰਿਕਾਰਡ ਪਾਇਆ ਗਿਆ ਸਾਫ਼
ਸੀਨੀਅਰ ਕਪਤਾਨ ਪੁਲਿਸ (SSP), ਐਸ.ਏ.ਐਸ ਨਗਰ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਲਾਇਸੰਸ ਜਾਰੀ ਹੋਣ ਦੇ ਅਰਸੇ ਦੌਰਾਨ ਫਰਮ ਜਾਂ ਇਸ ਦੇ ਮਾਲਕ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ, ਧੋਖਾਧੜੀ ਜਾਂ ਕੋਈ ਦੀਵਾਨੀ ਮਾਮਲਾ ਦਰਜ/ਰਜਿਸਟਰ ਨਹੀਂ ਹੈ। ਪੁਲਿਸ ਵਿਭਾਗ ਵੱਲੋਂ ਲਾਇਸੰਸ ਕੈਂਸਲ ਕਰਨ ਦੀ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ।
ਨਿਯਮਾਂ ਤਹਿਤ ਦਿੱਤੇ ਗਏ ਸਨ ਅਖਬਾਰੀ ਇਸ਼ਤਿਹਾਰ
ਪ੍ਰਸ਼ਾਸਨਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਾਰਥੀ ਵੱਲੋਂ 24 ਅਪ੍ਰੈਲ 2026 ਨੂੰ ਦੋ ਪ੍ਰਮੁੱਖ ਅਖਬਾਰਾਂ ਵਿੱਚ ਲਾਇਸੰਸ ਸਰੰਡਰ ਕਰਨ ਸਬੰਧੀ ਜਨਤਕ ਨੋਟਿਸ/ਇਸ਼ਤਿਹਾਰ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀਆਂ ਅਸਲ ਕਾਪੀਆਂ ਦਫ਼ਤਰ ਵਿਖੇ ਪੇਸ਼ ਕੀਤੀਆਂ ਗਈਆਂ। ਪ੍ਰਸ਼ਾਸਨਿਕ ਰਿਕਾਰਡ ਅਨੁਸਾਰ 27 ਅਪ੍ਰੈਲ 2026 ਤੱਕ ਇਸ ਫਰਮ ਦੇ ਵਿਰੁੱਧ ਕੋਈ ਵੀ ਜਨਤਕ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਸੀ।
ਭਵਿੱਖ ਲਈ ਜ਼ਿੰਮੇਵਾਰੀ ਤੈਅ:
ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਲਾਇਸੰਸ ਰੱਦ ਹੋਣ ਦੇ ਬਾਵਜੂਦ, ਜੇਕਰ ਭਵਿੱਖ ਵਿੱਚ ਉਕਤ ਫਰਮ, ਮਾਲਕ ਜਾਂ ਪ੍ਰਾਰਥੀ ਦੇ ਖ਼ਿਲਾਫ਼ ਪਿਛਲੇ ਕੰਮ-ਕਾਜ ਨੂੰ ਲੈ ਕੇ ਕੋਈ ਵੀ ਸ਼ਿਕਾਇਤ ਜਾਂ ਕਾਨੂੰਨੀ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਉਸ ਲਈ ਫਰਮ ਦਾ ਮਾਲਕ ਨਿੱਜੀ ਅਤੇ ਕਾਨੂੰਨੀ ਤੌਰ ‘ਤੇ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੇ ਹਰਜ਼ਾਨੇ ਦੀ ਭਰਪਾਈ ਕਰਨ ਲਈ ਪਾਬੰਦ ਹੋਵੇਗਾ।
