ਚੰਡੀਗੜ੍ਹ:25ਮਈ (ਛਤਰਪਾਲ ਸਿੰਘ):ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਡਗਮਗਾ ਰਹੀ ਆਰਥਿਕਤਾ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਿਆ ਹੈ। ਵਿੱਤ ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਆਰਥਿਕ ਮੰਦਹਾਲੀ ਅਤੇ ਮਹਿੰਗਾਈ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਆਰਥਿਕਤਾ ਅਤੇ ਜਨਤਾ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਪੈਟਰੋਲ ਦੀਆਂ ਕੀਮਤਾਂ ‘ਚ ਅੰਨ੍ਹੇਵਾਹ ਵਾਧਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਿਛਲੇ ਮਹਿਜ਼ 10 ਦਿਨਾਂ ਦੇ ਅੰਦਰ, ਖਾਸ ਕਰਕੇ 15 ਮਈ 2026 ਤੋਂ ਬਾਅਦ, ਭਾਜਪਾ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਕਈ ਵਾਰ ਵਾਧਾ ਕੀਤਾ ਹੈ।
-
ਕੇਂਦਰ ਵੱਲੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ਵਿੱਚ 3.39 ਪੈਸੇ, ਫਿਰ 96 ਪੈਸੇ ਅਤੇ 94 ਪੈਸੇ ਦਾ ਵਾਧਾ ਕੀਤਾ ਗਿਆ।
-
ਇਸ ਤੋਂ ਤੁਰੰਤ 3 ਦਿਨਾਂ ਬਾਅਦ ਮੁੜ 2.84 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਥੋਪ ਦਿੱਤਾ ਗਿਆ।
-
ਕੁੱਲ ਮਿਲਾ ਕੇ ਪਿਛਲੇ ਕੁਝ ਹੀ ਦਿਨਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ 8 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ, ਜੋ ਜਨਤਾ ਦੀ ਜੇਬ ‘ਤੇ ਸਿੱਧਾ ਡਾਕਾ ਹੈ।
ਕਾਰੋਬਾਰ ਅਤੇ ਹਵਾਈ ਯਾਤਰਾ ਵੀ ਹੋਈ ਮਹਿੰਗੀ
ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਮਹਿੰਗਾਈ ਦੀ ਮਾਰ ਸਿਰਫ਼ ਪੈਟਰੋਲ ਤੱਕ ਸੀਮਤ ਨਹੀਂ ਹੈ, ਬਲਕਿ ਵਪਾਰਕ ਖੇਤਰ ਨੂੰ ਵੀ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ।
-
ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 48% ਤੋਂ ਲੈ ਕੇ 75% ਤੱਕ ਦਾ ਰਿਕਾਰਡ ਤੋੜ ਵਾਧਾ ਕੀਤਾ ਗਿਆ ਹੈ, ਜਿਸ ਨਾਲ ਛੋਟੇ ਅਤੇ ਮੱਧਮ ਵਰਗ ਦੇ ਕਾਰੋਬਾਰੀਆਂ ਦਾ ਲਕੜਤੋੜ ਗਿਆ ਹੈ।
-
ਇਸ ਦੇ ਨਾਲ ਹੀ, ਹਵਾਈ ਜਹਾਜ਼ਾਂ ਦੇ ਬਾਲਣ (Aviation Turbine Fuel) ਵਿੱਚ 25% ਦਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਹਵਾਈ ਯਾਤਰਾ ਆਮ ਲ਼ੋਕਾਂ ਦੀ ਪਹੁੰਚ ਤੋਂ ਹੋਰ ਦੂਰ ਅਤੇ ਬੇਹੱਦ ਮਹਿੰਗੀ ਹੋ ਗਈ ਹੈ।
‘ਮੋਦੀ ਜੀ! ਵਿਦੇਸ਼ ਦੌਰੇ ਛੱਡੋ, ਦੇਸ਼ ਦੀ ਸੰਭਾਲ ਕਰੋ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ, “ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੁਣ ਜਨਤਾ ਦੀ ਪੁਕਾਰ ਸੁਣਨੀ ਚਾਹੀਦੀ ਹੈ। ਭਾਰਤ ਦੇ ਲੋਕ ਪਹਿਲਾਂ ਹੀ ਮਹਿੰਗਾਈ ਦਾ ਬਹੁਤ ਵੱਡਾ ਸੰਤਾਪ ਝੱਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਸਬਰ ਟੁੱਟ ਰਿਹਾ ਹੈ।” ਚੀਮਾ ਨੇ ਤਨਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹੁਣ ਆਪਣੇ ਵਿਦੇਸ਼ੀ ਦੌਰਿਆਂ ਨੂੰ ਛੱਡ ਕੇ ਆਪਣੇ ਦੇਸ਼ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਦੇਸ਼ ਦੀ ਜਨਤਾ ਨੂੰ ਇਸ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
