Homeਪੰਜਾਬਲਹਿਰਾ ਹਲਕੇ ਅੰਦਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵਿਕਾਸ ਕੰਮਾਂ ਦੀ ਚੜ੍ਹਤ;...

ਲਹਿਰਾ ਹਲਕੇ ਅੰਦਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵਿਕਾਸ ਕੰਮਾਂ ਦੀ ਚੜ੍ਹਤ; ਪਿੰਡ ਖੰਡੇਬਾਦ ਵਿਖੇ ਸੈਂਕੜੇ ਟਕਸਾਲੀ ਕਾਂਗਰਸੀ ਪਰਿਵਾਰ “ਆਪ” ਵਿੱਚ ਸ਼ਾਮਿਲ

ਮੰਤਰੀ ਗੋਇਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮਹਿਲਾਵਾਂ ਸਮੇਤ ਭਾਰੀ ਗਿਣਤੀ ਲੋਕਾਂ ਨੇ ਕਾਂਗਰਸ ਨੂੰ ਛੱਡ ਫੜਿਆ ‘ਆਪ’ ਦਾ ਪੱਲਾ; ਵਿਰੋਧੀ ਪਾਰਟੀਆਂ ਨੂੰ ਲੱਗਿਆ ਵੱਡਾ ਸਿਆਸੀ ਝਟਕਾ

ਸੰਗਰੂਰ/ਲਹਿਰਾਗਾਗਾ, 24 ਮਈ (ਜਤਿੰਦਰ ਗਰਗ) : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਅਜੇ ਕਰੀਬ 9 ਮਹੀਨਿਆਂ ਦਾ ਸਮਾਂ ਬਾਕੀ ਹੈ, ਪਰ ਹਲਕਾ ਲਹਿਰਾਗਾਗਾ ਅੰਦਰ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਚੁੱਕੀਆਂ ਹਨ। ਇੱਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਦੇ ਆਗੂ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਵਿੱਚ ਜੁਟੇ ਹੋਏ ਹਨ, ਉੱਥੇ ਹੀ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕਾਰਜ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਹਨ। ਇਸੇ ਦੇ ਚਲਦਿਆਂ ਅੱਜ ਹਲਕੇ ਦੇ ਪਿੰਡ ਖੰਡੇਬਾਦ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਸੈਂਕੜੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਿਲ ਹੋਣ ਦਾ ਵੱਡਾ ਐਲਾਨ ਕਰ ਦਿੱਤਾ। ਸ਼ਾਮਿਲ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਮੌਜੂਦ ਸਨ।

ਮੰਤਰੀ ਗੋਇਲ ਨੇ ਪਰਿਵਾਰ ਸਮੇਤ ਕੀਤੀ ਸ਼ਿਰਕਤ, ਨਵੇਂ ਮੈਂਬਰਾਂ ਦਾ ਕੀਤਾ ਸਨਮਾਨ

ਪਿੰਡ ਖੰਡੇਬਾਦ ਵਿਖੇ ਰੱਖੇ ਗਏ ਇਸ ਪ੍ਰਭਾਵਸ਼ਾਲੀ ਅਤੇ ਭਰਵੇਂ ਸਿਆਸੀ ਸਮਾਗਮ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਸੀਮਾ ਗੋਇਲ ਅਤੇ ਬੇਟੇ ਗੌਰਵ ਗੋਇਲ ਨਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪਿੰਡ ਵਾਸੀਆਂ ਵੱਲੋਂ ਗੋਇਲ ਪਰਿਵਾਰ ਦਾ ਨਿੱਘਾ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੰਤਰੀ ਗੋਇਲ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਅੰਦਰ ਸਾਰੇ ਵਰਕਰਾਂ ਅਤੇ ਪਰਿਵਾਰਾਂ ਨੂੰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ।

“ਪੰਜਾਬ ਦੇ ਲੋਕ CM ਭਗਵੰਤ ਮਾਨ ਦੇ ਵਿਕਾਸ ਮਾਡਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ”

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਬਰਿੰਦਰ ਗੋਇਲ ਨੇ ਕਹਾ ਕਿ ਲੋਕਾਂ ਦਾ ਲਗਾਤਾਰ ਆਮ ਆਦਮੀ ਪਾਰਟੀ ਵੱਲ ਵਧ ਰਿਹਾ ਰੁਝਾਨ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਹੋ ਰਹੀਆਂ ਸਥਾਨਕ ਚੋਣਾਂ (ਨਗਰ ਨਿਗਮ ਅਤੇ ਨਗਰ ਕੌਂਸਲ) ਵਿੱਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਦੱਸਦਿਆਂ ਦੇਸ਼ ਵਿੱਚ ਵਧ ਰਹੀ ਮਹਿੰਗਾਈ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।

“2027 ਵਿੱਚ ਮੰਤਰੀ ਗੋਇਲ ਨੂੰ ਰਿਕਾਰਡ ਵੋਟਾਂ ਨਾਲ ਜਿਤਾ ਕੇ ਦੁਬਾਰਾ ਭੇਜਾਂਗੇ ਵਿਧਾਨ ਸਭਾ”

ਦੂਜੇ ਪਾਸੇ, ‘ਆਪ’ ਦਾ ਪੱਲਾ ਫੜਨ ਵਾਲੇ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਪ੍ਰਮੁੱਖ ਆਗੂਆਂ— ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ (ਪੁੱਤਰ ਸਾਬਕਾ ਸਰਪੰਚ ਰਾਮਕਰਤਾਰ ਸਿੰਘ), ਰਵੀ ਸਰਾਓ, ਤਰਸੇਮ ਸਿੰਘ, ਅਮਰ ਚੈਨ ਸਿੰਘ, ਗਮਦੂਰ ਸਿੰਘ, ਮਨਪ੍ਰੀਤ ਰਾਮ ਸ਼ਰਮਾ, ਮੰਗਤ ਰਾਮ, ਬੀਰਬਲ ਖਾਨ, ਦਰਸ਼ਨ ਸਿੰਘ, ਤਾਰਾ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਕੌਰ, ਗਗਨਦੀਪ ਕੌਰ, ਗੁਰਮੇਲ ਕੌਰ, ਅਤੇ ਕਿਰਨਾ ਕੌਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਪਰ ਮੰਤਰੀ ਬਰਿੰਦਰ ਗੋਇਲ ਅਤੇ ਸਮੁੱਚੇ ਗੋਇਲ ਪਰਿਵਾਰ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਕੀਤੇ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹ ‘ਆਪ’ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਅਹਿਦ ਲਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਮੰਤਰੀ ਗੋਇਲ ਨੂੰ ਇੱਕ ਵਾਰ ਫਿਰ ਰਿਕਾਰਡ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ।

ਸਮਾਗਮ ਵਿੱਚ ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ

ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੰਤਰੀ ਗੋਇਲ ਦੇ ਓ.ਐਸ.ਡੀ. ਰਕੇਸ਼ ਕੁਮਾਰ ਗੁਪਤਾ, ਯੂਥ ਆਗੂ ਅਜੇ ਕੁਮਾਰ ਠੋਲੀ, ਟਰੱਕ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਕਾਲਾ, ਬਾਦਲ ਸਿੰਘ, ਸ਼ਿੰਦਰਪਾਲ ਸਿੰਘ, ਬਲਾਕ ਸੰਮਤੀ ਦੀ ਵਾਈਸ ਚੇਅਰਪਰਸਨ ਅੰਮ੍ਰਿਤਪਾਲ ਕੌਰ, ਬਾਵਾਂ ਸਿੰਘ ਢਿੱਲੋ, ਮੱਖਣ ਸਿੰਘ, ਪਿੰਡ ਫੂਲਦ ਦੇ ਸਰਪੰਚ ਪ੍ਰਗਟ ਸਿੰਘ, ਬਿੰਦਰ ਸਿੰਘ ਸੇਖੂਵਾਸ, ਪ੍ਰਵੀਨ ਕੁਮਾਰ ਟਿੰਕਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ, ਸਰਪੰਚ, ਪਾਰਟੀ ਆਗੂ ਅਤੇ ਵਲੰਟੀਅਰ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments