ਅੰਮ੍ਰਿਤਸਰ ਵੱਲ ਜਾ ਰਹੀ ਸੀ ਗੱਡੀ
ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਨੰਬਰ ਦੀ ਇੱਕ ਆਲਟੋ ਗੱਡੀ (ਪੀ. ਬੀ. 35 ਵਾਈ. 8420), ਜੋ ਕਿ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਦੋਂ ਉਹ ਨੌਸ਼ਹਿਰਾ ਮੱਝਾ ਸਿੰਘ ਨੇੜੇ ਪਹੁੰਚੀ ਤਾਂ ਕਿਸੇ ਤੇਜ਼ ਰਫ਼ਤਾਰ ਅਗਿਆਤ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਅਗਿਆਤ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਨੇੜਲੇ ਲੋਕਾਂ ਨੇ ਸੁਣੀ ਧਮਾਕੇ ਦੀ ਆਵਾਜ਼
ਆਸ-ਪਾਸ ਦੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਬਹੁਤ ਭਿਆਨਕ ਆਵਾਜ਼ ਸੁਣਾਈ ਦਿੱਤੀ, ਪਰ ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ, ਉੱਥੇ ਕਾਰ ਨੂੰ ਟੱਕਰ ਮਾਰਨ ਵਾਲਾ ਕੋਈ ਹੋਰ ਵਾਹਨ ਦਿਖਾਈ ਨਹੀਂ ਦਿੱਤਾ। ਕਾਰ ਵਿੱਚ ਸਵਾਰ ਚਾਰੇ ਲੋਕਾਂ ਦੀ ਮੌਕੇ ‘ਤੇ ਹੀ ਜਾਨ ਜਾ ਚੁੱਕੀ ਸੀ।
ਸੜਕ ਸੁਰੱਖਿਆ ਫੋਰਸ (SSF) ਨੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਦੇ ਅਧਿਕਾਰੀਆਂ ਪ੍ਰਦੀਪ ਸਿੰਘ ਅਤੇ ਦਲਜੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਤੋਂ ਸਾਫ਼ ਹੈ ਕਿ ਇਹ ਹਾਦਸਾ ਕਿਸੇ ਅਣ-ਪਛਾਤੇ ਵਾਹਨ ਦੀ ਟੱਕਰ ਕਾਰਨ ਵਾਪਰਿਆ ਹੈ।
ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ
ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਗੱਡੀ ਦੇ ਨੰਬਰ ਦੇ ਆਧਾਰ ’ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹਾਈਵੇਅ ’ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਫ਼ਰਾਰ ਵਾਹਨ ਦਾ ਪਤਾ ਲਗਾਇਆ ਜਾ ਸਕੇ।









