ਨਾਭਾ, 18 ਮਈ (ਛਤਰਪਾਲ ਸਿੰਘ):ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਨਾਭਾ ਨੇੜਲੇ ਪਿੰਡ ਖੋਖ-ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਪਹੁੰਚੇ। ਇੱਥੇ ਉਹ ‘ਯੰਗ ਨਭਾਈਟਸ ਐਸੋਸੀਏਸ਼ਨ’ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਰਵਾਏ ਗਏ ਇੱਕ ਵਿਸ਼ੇਸ਼ ਸਕੂਲ ਬੈਗ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਰਾਜਪਾਲ ਨੇ ਨੌਜਵਾਨਾਂ ਵੱਲੋਂ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਿਵੇਕਲੇ ਯਤਨਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਇਸ ਨੂੰ ਦੂਜੀਆਂ ਸੰਸਥਾਵਾਂ ਲਈ ਇੱਕ ਵੱਡਾ ਪ੍ਰੇਰਣਾ ਸਰੋਤ ਦੱਸਿਆ।
UPSC ਵਿੱਚ ਦੇਸ਼ ਭਰ ‘ਚੋਂ 15ਵਾਂ ਰੈਂਕ ਲੈਣ ਵਾਲੀ ਸਿਮਰਨਦੀਪ ਕੌਰ ਦਾ ਸਨਮਾਨ
ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਜਪਾਲ ਸ੍ਰੀ ਕਟਾਰੀਆ ਵੱਲੋਂ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰਨ ਵਾਲੀ ਹੋਣਹਾਰ ਬੇਟੀ ਸਿਮਰਨਦੀਪ ਕੌਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਪਿੰਡ ਬਿਰੜਵਾਲ ਦੀ ਰਹਿਣ ਵਾਲੀ ਸਿਮਰਨਦੀਪ ਕੌਰ ਨੇ ਹਾਲ ਹੀ ਵਿੱਚ ਯੂ.ਪੀ.ਐੱਸ.ਸੀ. (UPSC) ਦੀ ਪ੍ਰੀਖਿਆ ਵਿੱਚੋਂ 15ਵਾਂ ਰੈਂਕ ਹਾਸਲ ਕਰਕੇ ਆਈ.ਏ.ਐੱਸ. (IAS) ਅਧਿਕਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿੰਡ ਦੇ ਨਸ਼ਾ ਮੁਕਤ ਹੋਣ ‘ਤੇ ਗ੍ਰਾਂਟ ਅਤੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਸਮਾਗਮ ਦੌਰਾਨ ਜਦੋਂ ਰਾਜਪਾਲ ਨੂੰ ਇਹ ਜਾਣਕਾਰੀ ਮਿਲੀ ਕਿ ਪਿੰਡ ਖੋਖ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ, ਤਾਂ ਉਨ੍ਹਾਂ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਵਾਸੀਆਂ ਦੇ ਇਸ ਉਪਰਾਲੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 3 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਤੁਰੰਤ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁਸ਼ੀ ਸਾਂਝੀ ਕਰਦਿਆਂ ਪਿੰਡ ਦੇ ਦੋਵੇਂ ਸਰਕਾਰੀ ਸਕੂਲਾਂ ਵਿੱਚ ਇੱਕ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ।
ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ‘ਤੇ ਦਿੱਤਾ ਜ਼ੋਰ
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਪਿੰਡ ਖੋਖ ਦੇ ਦੋ ਸਰਕਾਰੀ ਸਕੂਲਾਂ ਦੇ 100 ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡਣਾ ਸਿਰਫ਼ ਇੱਕ ਸਹਾਇਤਾ ਕਾਰਜ ਨਹੀਂ, ਸਗੋਂ ਸਿੱਖਿਆ ਪ੍ਰਤੀ ਸਾਡੀ ਸਮਾਜਿਕ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਇੱਕਮਾਤਰ ਮਾਧਿਅਮ ਹੈ ਜੋ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾ ਕੇ ਸਮਾਜ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਉਨ੍ਹਾਂ ਉਦਯੋਗਪਤੀਆਂ ਅਤੇ ਸਮਰੱਥ ਵਰਗ ਨੂੰ ਅਪੀਲ ਕੀਤੀ ਕਿ ਉਹ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਤਹਿਤ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਲਰਨਿੰਗ ਅਤੇ ਹੁਨਰ ਵਿਕਾਸ ਲਈ ਅੱਗੇ ਆਉਣ।
ਪਿੰਡ ਦੀ ਆਧਿਆਤਮਿਕ ਸੋਚ ਅਤੇ ਨਿਰਮਲ ਕੁਟੀਆ ਦੇ ਕਾਰਜਾਂ ਦੀ ਸ਼ਲਾਘਾ
ਰਾਜਪਾਲ ਨੇ ਪਿੰਡ ਖੋਖ ਦੇ ਲੋਕਾਂ ਦੀ ਗੁਰਬਾਣੀ ਨਾਲ ਜੁੜੀ ਆਧਿਆਤਮਿਕ ਸੋਚ ਅਤੇ ਸਾਂਝੀਵਾਲਤਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਪਿੰਡ ਨੇ ਨਸ਼ਾ ਮੁਕਤ ਜੀਵਨ ਸ਼ੈਲੀ ਅਪਣਾ ਕੇ ਦੂਜੇ ਪਿੰਡਾਂ ਲਈ ਇੱਕ ਪ੍ਰੇਰਣਾਦਾਇਕ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਨਿਰਮਲ ਕੁਟੀਆ ਖੋਖ, ਨਿਰਮਲ ਆਸ਼ਰਮ ਅਤੇ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਸਿੱਖਿਆ, ਸਿਹਤ ਅਤੇ ਮਾਨਵਤਾ ਦੀ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਵਡਿਆਇਆ।
ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਰਾਜਪਾਲ ਦਾ ਸਨਮਾਨ
ਸਮਾਗਮ ਦੇ ਅਖੀਰ ਵਿੱਚ ਵਿਧਾਇਕ ਦੇਵ ਮਾਨ ਅਤੇ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੰਗ ਨਭਾਈਟਸ ਐਸੋਸੀਏਸ਼ਨ ਦੇ ਸਮੂਹ ਮੈਂਬਰ, ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਐੱਸ.ਡੀ.ਐੱਮ. ਕਰਨਲ ਏ.ਪੀ.ਐੱਸ. ਸੋਮਲ, ਐੱਸ.ਡੀ.ਐੱਮ. ਹਰਜੋਤ ਕੌਰ ਮਾਵੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।









