Home ਦੇਸ਼ ਲਾਹੌਰ ‘ਚ ਬਦਲਿਆ ਇਤਿਹਾਸ: ਮਰੀਅਮ ਨਵਾਜ਼ ਸਰਕਾਰ ਦਾ ਵੱਡਾ ਫੈਸਲਾ, ‘ਇਸਲਾਮਪੁਰਾ’ ਮੁੜ...

ਲਾਹੌਰ ‘ਚ ਬਦਲਿਆ ਇਤਿਹਾਸ: ਮਰੀਅਮ ਨਵਾਜ਼ ਸਰਕਾਰ ਦਾ ਵੱਡਾ ਫੈਸਲਾ, ‘ਇਸਲਾਮਪੁਰਾ’ ਮੁੜ ਬਣਿਆ ‘ਕ੍ਰਿਸ਼ਨਾ ਨਗਰ’ ਤੇ ‘ਬਾਬਰੀ ਚੌਕ’ ਦਾ ਨਾਂ ਹੁਣ ‘ਜੈਨ ਮੰਦਿਰ ਚੌਕ’

0

 ਲਾਹੌਰ/ਅੰਮ੍ਰਿਤਸਰ:18 ਮਈ (ਛਤਰਪਾਲ ਸਿੰਘ):ਗੁਆਂਢੀ ਦੇਸ਼ ਪਾਕਿਸਤਾਨ ਦੇ ਸਿਆਸੀ ਅਤੇ ਸੱਭਿਆਚਾਰਕ ਗੜ੍ਹ ਮੰਨੇ ਜਾਂਦੇ ਲਾਹੌਰ ਸ਼ਹਿਰ ਤੋਂ ਇੱਕ ਬਹੁਤ ਹੀ ਦੁਰਲੱਭ ਅਤੇ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਹੇਠਲੀ ਸਰਕਾਰ ਨੇ ਲਾਹੌਰ ਦੀਆਂ ਕਈ ਇਤਿਹਾਸਕ ਸੜਕਾਂ, ਗਲੀਆਂ ਅਤੇ ਚੌਕਾਂ ਦੇ ਇਸਲਾਮਿਕ ਨਾਵਾਂ ਨੂੰ ਬਦਲ ਕੇ ਉਨ੍ਹਾਂ ਦੇ ਵੰਡ ਤੋਂ ਪਹਿਲਾਂ ਵਾਲੇ ਪੁਰਾਣੇ ਹਿੰਦੂ ਅਤੇ ਬ੍ਰਿਟਿਸ਼ ਕਾਲ ਦੇ ਨਾਵਾਂ ਨੂੰ ਦੁਬਾਰਾ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ।

ਮਰੀਅਮ ਨਵਾਜ਼ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਫੈਸਲਾ

ਭਾਰਤੀ ਸਰਹੱਦੀ ਸ਼ਹਿਰ ਅੰਮ੍ਰਿਤਸਰ ਤੋਂ ਮਹਿਜ਼ 50 ਕਿਲੋਮੀਟਰ ਦੂਰ ਸਥਿਤ ਲਾਹੌਰ ਵਿੱਚ ਇਤਿਹਾਸਕ ਪਛਾਣ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਵਾਇਦ ਇਸੇ ਸਾਲ ਮਾਰਚ ਮਹੀਨੇ ਦੇ ਅੱਧ ਵਿੱਚ ਸ਼ੁਰੂ ਹੋਈ ਸੀ। ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਸ਼ਹਿਰ ਦੀਆਂ ਉਨ੍ਹਾਂ ਇਤਿਹਾਸਕ ਥਾਵਾਂ ਦੇ ਅਸਲ ਨਾਂ ਵਾਪਸ ਲਿਆਂਦੇ ਜਾਣਗੇ, ਜਿਨ੍ਹਾਂ ਨੂੰ ਸਮੇਂ ਦੇ ਨਾਲ ਸਥਾਨਕ ਜਾਂ ਇਸਲਾਮਿਕ ਸ਼ਖਸੀਅਤਾਂ ਦੇ ਨਾਂ ‘ਤੇ ਬਦਲ ਦਿੱਤਾ ਗਿਆ ਸੀ। ਇਸ ਕਦਮ ਤਹਿਤ 9 ਪ੍ਰਮੁੱਖ ਸਥਾਨਾਂ ਦੇ ਨਾਂ ਬਦਲੇ ਗਏ ਹਨ।

ਇਹ ਪ੍ਰਮੁੱਖ ਨਾਂ ਕੀਤੇ ਗਏ ਬਹਾਲ:

  • ਇਸਲਾਮਪੁਰਾ ਤੋਂ ‘ਕ੍ਰਿਸ਼ਨਾ ਨਗਰ’: ਲਾਹੌਰ ਦੇ ਸਭ ਤੋਂ ਮਸ਼ਹੂਰ ਅਤੇ ਇਤਿਹਾਸਕ ਖੇਤਰ ‘ਇਸਲਾਮਪੁਰਾ’ ਦਾ ਨਾਂ ਬਦਲ ਕੇ ਹੁਣ ਮੁੜ ‘ਕ੍ਰਿਸ਼ਨਾ ਨਗਰ’ ਕਰ ਦਿੱਤਾ ਗਿਆ ਹੈ।

  • ਬਾਬਰੀ ਚੌਕ ਤੋਂ ‘ਜੈਨ ਮੰਦਿਰ ਚੌਕ’: ਸਾਲ 1992 ਵਿੱਚ ਅਯੁੱਧਿਆ ਦੇ ਬਾਬਰੀ ਮਸਜਿਦ ਵਿਵਾਦ ਤੋਂ ਬਾਅਦ ਲਾਹੌਰ ਦੇ ਇਤਿਹਾਸਕ ‘ਜੈਨ ਮੰਦਿਰ ਚੌਕ’ ਦਾ ਨਾਂ ਬਦਲ ਕੇ ‘ਬਾਬਰੀ ਚੌਕ’ ਰੱਖਿਆ ਗਿਆ ਸੀ, ਜਿਸ ਨੂੰ ਹੁਣ ਪ੍ਰਸ਼ਾਸਨ ਨੇ ਦੁਬਾਰਾ ‘ਜੈਨ ਮੰਦਿਰ ਚੌਕ’ ਵਜੋਂ ਬਹਾਲ ਕਰ ਦਿੱਤਾ ਹੈ।

  • ਸਾਂਦੜਾ ਫਲਾਈਓਵਰ: ਸਾਂਦੜਾ ਇਲਾਕੇ ਦੇ ‘ਮੌਲਾਨਾ ਅਹਿਮਦ ਅਲੀ ਲਾਹੌਰੀ ਫਲਾਈਓਵਰ’ ਦਾ ਨਾਂ ਬਦਲ ਕੇ ਹੁਣ ‘ਸਾਂਦੜਾ ਫਲਾਈਓਵਰ’ ਕਰ ਦਿੱਤਾ ਗਿਆ ਹੈ।

  • ਲਕਸ਼ਮਣ ਸਿੰਘ ਰੇਲਵੇ ਸਟੇਸ਼ਨ: ਇਸ ਇਤਿਹਾਸਕ ਸਟੇਸ਼ਨ ਦੇ ਆਸ-ਪਾਸ ਦੇ ਖੇਤਰਾਂ ਦੇ ਨਾਵਾਂ ਨੂੰ ਵੀ ਵੰਡ ਤੋਂ ਪਹਿਲਾਂ ਵਾਲੇ ਸਥਾਨਕ ਇਤਿਹਾਸ ਮੁਤਾਬਕ ਬਦਲਿਆ ਗਿਆ ਹੈ।

ਸਥਾਨਕ ਲੋਕਾਂ ਦੀ ਮੰਗ ਅਤੇ ਇਤਿਹਾਸਕ ਮਹੱਤਵ

ਜ਼ਿਕਰਯੋਗ ਹੈ ਕਿ ਸਾਲ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਇਨ੍ਹਾਂ ਇਲਾਕਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਸਿੱਖ ਆਬਾਦੀ ਨਿਵਾਸ ਕਰਦੀ ਸੀ, ਜਿਸ ਕਾਰਨ ਇੱਥੋਂ ਦੀਆਂ ਗਲੀਆਂ ਅਤੇ ਮੁੱਹਲਿਆਂ ਦੇ ਨਾਂ ਹਿੰਦੂ-ਸਿੱਖ ਇਤਿਹਾਸ, ਸੱਭਿਆਚਾਰ ਅਤੇ ਬ੍ਰਿਟਿਸ਼ ਕਾਲ ਦੇ ਪ੍ਰਸ਼ਾਸਨ ਨਾਲ ਜੁੜੇ ਹੋਏ ਸਨ। ਵੰਡ ਤੋਂ ਬਾਅਦ ਲੰਮੇ ਸਮੇਂ ਤੱਕ ਇਨ੍ਹਾਂ ਨਾਵਾਂ ਨੂੰ ਬਦਲਣ ਦਾ ਸਿਲਸਿਲਾ ਚੱਲਿਆ। ਹੁਣ ਸਥਾਨਕ ਲੋਕਾਂ ਦੀ ਪੁਰਾਣੀ ਮੰਗ, ਸ਼ਹਿਰ ਦੇ ਅਸਲ ਇਤਿਹਾਸਕ ਮਹੱਤਵ ਅਤੇ ਵਿਸ਼ਵ ਪੱਧਰ ‘ਤੇ ਦੇਸ਼ ਦੇ ਅਕਸ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਇਹ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ।

Exit mobile version