ਐਡੀਲੇਡ:18 ਮਈ (ਛਤਰਪਾਲ ਸਿੰਘ):ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਭਾਰਤ ਦੀ ਰਾਜਧਾਨੀ ਦਿੱਲੀ ਨਾਲ ਸਬੰਧਤ ਇੱਕ 39 ਸਾਲਾ ਮਸਾਜ ਥੈਰੇਪਿਸਟ ਨੂੰ ਔਰਤਾਂ ਨਾਲ ਜਿਨਸੀ ਸੋਸ਼ਣ ਕਰਨ ਦੇ ਗੰਭੀਰ ਮਾਮਲੇ ਵਿੱਚ ਸਖ਼ਤ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਸੁਮਿਤ ਸਤੀਸ਼ ਰਸਤੋਗੀ ਨੂੰ 61 ਔਰਤਾਂ ਨਾਲ ਜਿਨਸੀ ਸੋਸ਼ਣ ਅਤੇ ਅਸ਼ਲੀਲਤਾ ਦੇ 97 ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ 13 ਸਾਲ ਅਤੇ 10 ਮਹੀਨਿਆਂ ਦੀ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ।
ਮਸਾਜ ਸੈਂਟਰ ਦੀ ਆੜ ਵਿੱਚ ਕਰਦਾ ਸੀ ਗੰਦੀ ਕਰਤੂਤ
ਇਹ ਸਾਰੀਆਂ ਸ਼ਰਮਨਾਕ ਘਟਨਾਵਾਂ ਅਕਤੂਬਰ 2021 ਤੋਂ ਜੁਲਾਈ 2022 ਦਰਮਿਆਨ ਆਸਟ੍ਰੇਲੀਆ ਦੇ ਗਲੇਨੈਲਗ (Glenelg) ਸਥਿਤ ਇੱਕ ਨਾਮਵਰ ਮਸਾਜ ਸੈਂਟਰ ਵਿੱਚ ਵਾਪਰੀਆਂ ਸਨ, ਜਿੱਥੇ ਦੋਸ਼ੀ ਸੁਮਿਤ ਬਤੌਰ ਥੈਰੇਪਿਸਟ ਕੰਮ ਕਰਦਾ ਸੀ। ਦੱਖਣੀ ਆਸਟ੍ਰੇਲੀਆ ਦੀ ਜ਼ਿਲ੍ਹਾ ਅਦਾਲਤ ਦੀ ਜੱਜ ਕਾਰਮੇਨ ਮੈਟਿਓ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਦਾ ਵਿਵਹਾਰ ਕੋਈ ਅਚਾਨਕ ਹੋਈ ਗਲਤੀ ਨਹੀਂ ਸੀ, ਬਲਕਿ ਸਮੇਂ ਦੇ ਨਾਲ-ਨਾਲ ਉਸ ਦਾ ਰਵੱਈਆ ਔਰਤਾਂ ਪ੍ਰਤੀ ਹੋਰ ਜ਼ਿਆਦਾ ‘ਹਮਲਾਵਰ’ ਅਤੇ ਬੇਖ਼ੌਫ਼ ਹੁੰਦਾ ਚਲਿਆ ਗਿਆ।
ਪੀੜਤ ਔਰਤਾਂ ਨੇ ਅਦਾਲਤ ਵਿੱਚ ਬਿਆਨ ਕੀਤਾ ਮਾਨਸਿਕ ਦਰਦ
ਸੁਣਵਾਈ ਦੌਰਾਨ ਕਈ ਪੀੜਤ ਔਰਤਾਂ ਨੇ ਅਦਾਲਤ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਨਾਲ ਹੋਏ ਹਾਦਸੇ ਅਤੇ ਉਸ ਤੋਂ ਬਾਅਦ ਝੱਲੇ ਮਾਨਸਿਕ ਤਣਾਅ ਨੂੰ ਬਿਆਨ ਕੀਤਾ। ਇੱਕ ਪੀੜਤ ਔਰਤ ਨੇ ਹੰਝੂ ਵਹਾਉਂਦਿਆਂ ਦੱਸਿਆ, “ਇਹ ਘਟਨਾ ਮੇਰੇ ਹਨੀਮੂਨ ਦੌਰਾਨ ਹੋਈ ਸੀ। ਇਸ ਘਿਨਾਉਣੀ ਕਰਤੂਤ ਦਾ ਮੇਰੀ ਨਿੱਜੀ ਜ਼ਿੰਦਗੀ, ਮਾਨਸਿਕ ਸਿਹਤ ਅਤੇ ਰਿਸ਼ਤਿਆਂ ’ਤੇ ਬਹੁਤ ਹੀ ਡੂੰਘਾ ਅਤੇ ਮਾੜਾ ਅਸਰ ਪਿਆ ਹੈ।”
ਔਰਤਾਂ ਨੂੰ ਸੁਚੇਤ ਰਹਿਣ ਦੀ ਅਪੀਲ
ਇਸ ਦੇ ਨਾਲ ਹੀ ਇੱਕ ਹੋਰ ਪੀੜਤ ਮਹਿਲਾ ਨੇ ਸੰਸਾਰ ਭਰ ਦੀਆਂ ਔਰਤਾਂ ਨੂੰ ਸੁਚੇਤ ਕਰਦਿਆਂ ਇੱਕ ਅਹਿਮ ਅਪੀਲ ਕੀਤੀ। ਉਸਨੇ ਕਿਹਾ, “ਕਿਸੇ ਵੀ ਜਗ੍ਹਾ ‘ਤੇ ਮਸਾਜ ਜਾਂ ਥੈਰੇਪੀ ਦੌਰਾਨ ਜੇਕਰ ਤੁਹਾਨੂੰ ਸਾਹਮਣੇ ਵਾਲੇ ਦਾ ਵਿਵਹਾਰ ਥੋੜ੍ਹਾ ਜਿਹਾ ਵੀ ਸ਼ੱਕੀ ਜਾਂ ਅਸਹਿਜ ਲੱਗੇ, ਤਾਂ ਉਸ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ। ਅਜਿਹੀਆਂ ਘਟਨਾਵਾਂ ਵਿਰੁੱਧ ਤੁਰੰਤ ਆਵਾਜ਼ ਉਠਾਓ ਅਤੇ ਪ੍ਰਸ਼ਾਸਨ ਕੋਲ ਰਿਪੋਰਟ ਦਰਜ ਕਰਵਾਓ।”
ਅਦਾਲਤ ਦੇ ਇਸ ਫੈਸਲੇ ਦੀ ਆਸਟ੍ਰੇਲੀਆ ਸਮੇਤ ਭਾਰਤੀ ਭਾਈਚਾਰੇ ਵਿੱਚ ਵੀ ਕਾਫੀ ਚਰਚਾ ਹੋ ਰਹੀ ਹੈ ਅਤੇ ਇਸ ਨੂੰ ਔਰਤਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੱਡਾ ਤੇ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।









