Homeਹਰਿਆਣਾਹਰਿਆਣਾ ਸਥਾਨਕ ਚੋਣਾਂ: ਨਾਇਬ ਸਿੰਘ ਸੈਣੀ ਦਾ ਵਧਿਆ ਸਿਆਸੀ ਕੱਦ, ਭਾਜਪਾ ਨੇ...

ਹਰਿਆਣਾ ਸਥਾਨਕ ਚੋਣਾਂ: ਨਾਇਬ ਸਿੰਘ ਸੈਣੀ ਦਾ ਵਧਿਆ ਸਿਆਸੀ ਕੱਦ, ਭਾਜਪਾ ਨੇ 7 ਵਿੱਚੋਂ 6 ਸੀਟਾਂ ‘ਤੇ ਮਾਰੀ ਬਾਜ਼ੀ

ਚੰਡੀਗੜ੍ਹ:15 ਮਈ (ਸੰਜੀਵ ਸ਼ਰਮਾ):ਹਰਿਆਣਾ ਦੀਆਂ ਸੱਤ ਮਿਊਂਸਿਪਲ ਬਾਡੀਜ਼ ਦੀਆਂ ਹਾਲੀਆ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਕਰ ਦਿੱਤਾ ਹੈ। ਹੁਕਮਰਾਨ ਭਾਰਤੀ ਜਨਤਾ ਪਾਰਟੀ (BJP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵਿੱਚੋਂ 6 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ਨਤੀਜਿਆਂ ਨੇ ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇੱਕ ਕੱਦਾਵਰ ਨੇਤਾ ਵਜੋਂ ਸਥਾਪਿਤ ਕਰ ਦਿੱਤਾ ਹੈ, ਉੱਥੇ ਹੀ ਕਾਂਗਰਸ ਦੇ ਦਿੱਗਜ ਆਗੂ ਭੁਪਿੰਦਰ ਸਿੰਘ ਹੁੱਡਾ ਲਈ ਇਹ ਨਤੀਜੇ ਵੱਡਾ ਰਾਜਸੀ ਝਟਕਾ ਮੰਨੇ ਜਾ ਰਹੇ ਹਨ।

ਚੋਣ ਨਤੀਜਿਆਂ ਦਾ ਲੇਖਾ-ਜੋਖਾ

10 ਮਈ ਨੂੰ ਹੋਈਆਂ ਵੋਟਾਂ ਤੋਂ ਬਾਅਦ 13 ਮਈ ਨੂੰ ਐਲਾਨੇ ਗਏ ਨਤੀਜਿਆਂ ਨੇ ਭਾਜਪਾ ਦੇ ਹੱਕ ਵਿੱਚ ਸਪੱਸ਼ਟ ਫਤਵਾ ਦਿੱਤਾ ਹੈ:

  • ਨਗਰ ਨਿਗਮ: ਪੰਚਕੂਲਾ, ਅੰਬਾਲਾ ਅਤੇ ਸੋਨੀਪਤ—ਤਿੰਨਾਂ ਨਗਰ ਨਿਗਮਾਂ ਵਿੱਚ ਭਾਜਪਾ ਦੇ ਮੇਅਰ ਚੁਣੇ ਗਏ ਹਨ।

  • ਨਗਰ ਕੌਂਸਲਾਂ: ਰਿਵਾੜੀ, ਧਾਰੂਹੇੜਾ ਅਤੇ ਸਾਂਪਲਾ ਵਿੱਚ ਭਾਜਪਾ ਦੇ ਪ੍ਰਧਾਨ ਬਣੇ ਹਨ।

  • ਇੱਕਲੌਤੀ ਹਾਰ: ਸਿਰਫ਼ ਉਕਲਾਣਾ ਵਿੱਚ ਭਾਜਪਾ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

  • ਪ੍ਰਭਾਵਸ਼ਾਲੀ ਜਿੱਤ: ਜੇਤੂ ਰਹੇ 6 ਸ਼ਹਿਰਾਂ ਵਿੱਚ ਭਾਜਪਾ ਦੇ ਲਗਭਗ 90 ਫ਼ੀਸਦੀ ਉਮੀਦਵਾਰ ਜੇਤੂ ਰਹੇ ਹਨ।

ਭੁਪਿੰਦਰ ਸਿੰਘ ਹੁੱਡਾ ਦੇ ‘ਗੜ੍ਹ’ ਵਿੱਚ ਸੰਨ੍ਹ

ਇਨ੍ਹਾਂ ਚੋਣਾਂ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਸਾਂਪਲਾ ਦਾ ਨਤੀਜਾ ਰਿਹਾ। ਸਾਂਪਲਾ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ, ਪਰ ਇੱਥੇ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਭਾਵੇਂ ਇਹ ਚੋਣਾਂ ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਸਨ, ਪਰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰੇ ਹੁੱਡਾ ਸਮਰਥਕਾਂ ਨੂੰ ਨਾਕਾਮੀ ਹੱਥ ਲੱਗੀ। ਹਾਲਾਂਕਿ, ਹੁੱਡਾ ਨੇ ਲੋਕ-ਫਤਵੇ ਨੂੰ ਸਵੀਕਾਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ‘ਵੋਟ-ਚੋਰੀ’ ਦੇ ਇਲਜ਼ਾਮਾਂ ਤੋਂ ਪਰਹੇਜ਼ ਕੀਤਾ ਹੈ।

ਨਾਇਬ ਸਿੰਘ ਸੈਣੀ: ‘ਨਾਇਬ’ ਤੋਂ ‘ਸਾਹਿਬ’ ਤੱਕ ਦਾ ਸਫ਼ਰ

ਸਿਆਸੀ ਮਾਹਿਰਾਂ ਅਨੁਸਾਰ, ਇਹ ਜਿੱਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ‘ਤੇ ਮੋਹਰ ਲਗਾਉਂਦੀ ਹੈ। ਮਨੋਹਰ ਲਾਲ ਖੱਟਰ ਦੇ ਉਤਰਾਧਿਕਾਰੀ ਵਜੋਂ ਦੇਖੇ ਜਾਣ ਵਾਲੇ ਸੈਣੀ ਹੁਣ ਅਪਣੇ ਬਲਬੂਤੇ ਸੂਬੇ ਵਿੱਚ ਮਜ਼ਬੂਤ ਹੋ ਚੁੱਕੇ ਹਨ।

ਭਵਿੱਖ ਦੀ ਰਣਨੀਤੀ: ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਹਰਿਆਣਾ ਵਿੱਚ ਜਿੱਤ ਤੋਂ ਬਾਅਦ ਹੁਣ ਨਾਇਬ ਸਿੰਘ ਸੈਣੀ ਦੀਆਂ ਪੰਜਾਬ ਫੇਰੀਆਂ ਵਧਣਗੀਆਂ। ਭਾਜਪਾ ਉਨ੍ਹਾਂ ਨੂੰ ਪੰਜਾਬ ਵਿੱਚ ਅਪਣਾ ‘ਸਟਾਰ ਪ੍ਰਚਾਰਕ’ ਬਣਾ ਕੇ ਪੈਰ ਪਸਾਰਨ ਦੀ ਕੋਸ਼ਿਸ਼ ਕਰੇਗੀ।

ਹੁਕਮਰਾਨ ਧਿਰ ਦਾ ਰੁਝਾਨ ਜਾਂ ਜਨ-ਆਧਾਰ?

ਆਮ ਤੌਰ ‘ਤੇ ਸਥਾਨਕ ਚੋਣਾਂ ਵਿੱਚ ਹੁਕਮਰਾਨ ਧਿਰ ਦੀ ਜਿੱਤ ਇੱਕ ਰੁਝਾਨ ਹੁੰਦੀ ਹੈ, ਕਿਉਂਕਿ ਵੋਟਰਾਂ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਦੀ ਸੌਖ ਰਹਿੰਦੀ ਹੈ। ਪਰ ਹਰਿਆਣਾ ਦੇ ਸ਼ਹਿਰੀ ਵੋਟਰਾਂ ਨੇ ਜਿਸ ਵਿਆਪਕਤਾ ਨਾਲ ਭਾਜਪਾ ਨੂੰ ਵੋਟ ਪਾਈ ਹੈ, ਉਸ ਨੇ ਪਾਰਟੀ ਦੇ ਸ਼ਹਿਰੀ ਜਨ-ਆਧਾਰ ਨੂੰ ਹੋਰ ਮਜ਼ਬੂਤੀ ਬਖ਼ਸ਼ੀ ਹੈ। ਹੁਣ ਭਾਜਪਾ ਦਾ ਅਗਲਾ ਨਿਸ਼ਾਨਾ ਦਿਹਾਤੀ ਖੇਤਰਾਂ ਵਿੱਚ ਆਪਣੀ ਪਕੜ ਹੋਰ ਪੀਡੀ ਕਰਨਾ ਹੋਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments