ਫ਼ਤਿਹਗੜ੍ਹ ਸਾਹਿਬ/ਲੰਡਨ: 13 ਮਈ 2026 (ਜਗਜੀਤ ਸਿੰਘ): ਜਗਤ ਪੰਜਾਬੀ ਸਭਾ ਵੱਲੋਂ ਮਾਂ-ਖੇਡ ਕਬੱਡੀ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਨ ਦੀ ਲੜੀ ਤਹਿਤ, ਦੁਨੀਆਂ ਦੇ ਪਹਿਲੇ ਕਬੱਡੀ ਲੇਖਕ ਸਰਦਾਰ ਬਲਬੀਰ ਸਿੰਘ ਕੰਵਲ ਨੂੰ ‘ਪੰਜਾਬੀ ਨਾਇਕ’ (ਪੰਜਾਬੀ ਹੀਰੋ) ਐਲਾਨਿਆ ਗਿਆ ਹੈ।
ਇੰਟਰਨੈਸ਼ਨਲ ਕਬੱਡੀ ਕਾਨਫਰੰਸ ਵਿੱਚ ਹੋਇਆ ਫੈਸਲਾ
ਜ਼ਿਕਰਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਵਿਖੇ 6 ਅਤੇ 7 ਫਰਵਰੀ 2026 ਨੂੰ ਜਗਤ ਪੰਜਾਬੀ ਸਭਾ ਵੱਲੋਂ ਪਹਿਲੀ ਇੰਟਰਨੈਸ਼ਨਲ ਕਬੱਡੀ ਕਾਨਫਰੰਸ ਕਰਵਾਈ ਗਈ ਸੀ। ਇਸ ਕਾਨਫਰੰਸ ਦੌਰਾਨ ਚੋਣਵੀਆਂ ਸ਼ਖਸੀਅਤਾਂ, ਖਿਡਾਰੀਆਂ ਅਤੇ ਲੇਖਕਾਂ ਨੂੰ ਪੰਜਾਬੀ ਨਾਇਕ ਐਲਾਨਣ ਦਾ ਫੈਸਲਾ ਲਿਆ ਗਿਆ ਸੀ। ਇਸ ਸੂਚੀ ਵਿੱਚ ਸ੍ਰੀ ਬਲਬੀਰ ਸਿੰਘ ਕੰਵਲ ਜੀ ਦਾ ਨਾਮ ਵਿਸ਼ੇਸ਼ ਤੌਰ ‘ਤੇ ਸ਼ਾਮਲ ਸੀ, ਕਿਉਂਕਿ ਉਹ ਸਭ ਤੋਂ ਪਹਿਲੇ ਪੰਜਾਬੀ ਲੇਖਕ ਹਨ ਜਿਨ੍ਹਾਂ ਨੇ ਕਬੱਡੀ ਖੇਡ ਬਾਰੇ ਕਲਮ ਚਲਾਈ ਹੈ।
ਇੰਗਲੈਂਡ ਵਿੱਚ ਸੌਂਪਿਆ ਸਨਮਾਨ ਪੱਤਰ
ਬਲਬੀਰ ਸਿੰਘ ਕੰਵਲ ਜੀ ਨੂੰ ਇਸ ਮਾਣਮੱਤੇ ਖਿਤਾਬ ਨਾਲ ਨਿਵਾਜਣ ਲਈ ਸ੍ਰੀ ਕੁਲਵੰਤ ਸਿੰਘ ਚੱਠਾ ਨੇ ਇੰਗਲੈਂਡ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸ੍ਰੀ ਕੰਵਲ ਨੂੰ ਜਗਤ ਪੰਜਾਬੀ ਸਭਾ ਵੱਲੋਂ ਭੇਜਿਆ ਗਿਆ ਵਿਸ਼ੇਸ਼ ‘ਸਨਮਾਨ ਪੱਤਰ’ ਭੇਂਟ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਪੰਜਾਬੀ ਨਾਇਕ’ ਡਿਕਲੇਅਰ ਕੀਤਾ ਗਿਆ ਹੈ।
ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ-ਅਜੈਬ ਸਿੰਘ ਚੱਠਾ
ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਰਦਾਰ ਬਲਬੀਰ ਸਿੰਘ ਕੰਵਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਬਲਕਿ ਪੂਰੇ ਪੰਜਾਬੀ ਭਾਈਚਾਰੇ ਅਤੇ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੇਖਕਾਂ ਦੀ ਕਦਰ ਕਰਨਾ ਸਾਡੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਬਹੁਤ ਜ਼ਰੂਰੀ ਹੈ।
ਇਸ ਸਨਮਾਨ ਨਾਲ ਕਬੱਡੀ ਜਗਤ ਅਤੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
