ਘੁਮਾਣ/ਗੁਰਦਾਸਪੁਰ:10 MAY(ਅਰਸ਼ਦੀਪ ਸਿੰਘ) ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੋਹਜਾ (ਘੁਮਾਣ ਦੇ ਨਜ਼ਦੀਕ) ਵਿਖੇ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਰੂਸ ਦੀ ਫੌਜ ਵਿੱਚ ਭਰਤੀ ਹੋਏ ਨੌਜਵਾਨ ਗੁਰਸੇਵਕ ਸਿੰਘ (23) ਦੀ ਮਿਰਤਕ ਦੇਹ ਕਰੀਬ ਅੱਠ ਮਹੀਨੇ ਬਾਅਦ ਉਸ ਦੇ ਜੱਦੀ ਪਿੰਡ ਪਹੁੰਚੀ। ਰੂਸੀ ਝੰਡੇ ਵਿੱਚ ਲਿਪਟੀ ਦੇਹ ਨੂੰ ਦੇਖ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਨੌਜਵਾਨ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪੂਰੇ ਸੋਗਮਈ ਮਾਹੌਲ ਵਿੱਚ ਕੀਤਾ ਗਿਆ, ਜਿੱਥੇ ਉਸ ਦੇ ਛੋਟੇ ਭਰਾ ਗੁਰਬਾਜ਼ ਸਿੰਘ ਨੇ ਚਿਖਾ ਨੂੰ ਅਗਨੀ ਭੇਟ ਕੀਤੀ।
ਰੋਜ਼ੀ-ਰੋਟੀ ਦੀ ਭਾਲ ‘ਚ ਗਿਆ ਸੀ ਵਿਦੇਸ਼
ਮਿਰਤਕ ਦੇ ਚਾਚੇ ਕੁਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਮੁਖਤਾਰ ਸਿੰਘ ਬੋਹਜਾ ਨੇ ਦੱਸਿਆ ਕਿ ਗੁਰਸੇਵਕ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਪਹਿਲਾਂ ਵਰਕ ਪਰਮਿਟ ‘ਤੇ ਜਰਮਨੀ ਗਿਆ ਸੀ। ਉੱਥੋਂ ਉਹ ਰੂਸ ਚਲਾ ਗਿਆ ਅਤੇ ਉੱਥੇ ਰੂਸੀ ਫੌਜ ਵਿੱਚ ਭਰਤੀ ਹੋ ਗਿਆ। ਰੂਸ-ਯੂਕਰੇਨ ਜੰਗ ਦੌਰਾਨ 13 ਸਤੰਬਰ 2025 ਤੋਂ ਉਹ ਲਾਪਤਾ ਚੱਲ ਰਿਹਾ ਸੀ ਅਤੇ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ।
8 ਮਹੀਨਿਆਂ ਬਾਅਦ ਮਿਲੀ ਸ਼ਹਾਦਤ ਦੀ ਖ਼ਬਰ
ਪਰਿਵਾਰ ਨੂੰ 7 ਮਈ 2026 ਨੂੰ ਸੂਚਨਾ ਮਿਲੀ ਕਿ ਗੁਰਸੇਵਕ ਸਿੰਘ ਜੰਗ ਵਿੱਚ ਸ਼ਹੀਦ ਹੋ ਗਿਆ ਹੈ। ਰੂਸੀ ਫੌਜ ਵੱਲੋਂ ਉਸ ਦੀ ਦੇਹ ਨੂੰ ਪੂਰੇ ਮਾਣ-ਸਨਮਾਨ ਨਾਲ ਫੌਜੀ ਵਰਦੀ ਅਤੇ ਰਾਸ਼ਟਰੀ ਝੰਡੇ ਵਿੱਚ ਲਪੇਟ ਕੇ ਭੇਜਿਆ ਗਿਆ। ਅੱਜ ਦਿੱਲੀ ਹਵਾਈ ਅੱਡੇ ਤੋਂ ਮਿਰਤਕ ਦੇਹ ਪਿੰਡ ਬੋਹਜਾ ਪਹੁੰਚੀ।
ਪਰਿਵਾਰ ਲਈ ਮਦਦ ਦੀ ਗੁਹਾਰ
ਗੁਰਸੇਵਕ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਪਰਿਵਾਰ ਦਾ ਮੁੱਖ ਸਹਾਰਾ ਸੀ।
-
ਮੰਗ: ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਹਰ ਸੰਭਵ ਮਦਦ ਕੀਤੀ ਜਾਵੇ।
ਨੌਜਵਾਨ ਦੀ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਸ਼ਹੀਦ ਨੌਜਵਾਨ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ।









