Homeਪੰਜਾਬ*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਰਾਮਪੁਰ ਗੁੱਜਰਾਂ ਦੇ 87 ਪਰਿਵਾਰਾਂ...

*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਰਾਮਪੁਰ ਗੁੱਜਰਾਂ ਦੇ 87 ਪਰਿਵਾਰਾਂ ਨੂੰ ਮਕਾਨਾਂ ਦੀ ਮਾਲਕੀ ਦੇ ਸਰਟੀਫਿਕੇਟ ਵੰਡੇ*

ਦਿੜ੍ਹਬਾ, 07 ਮਈ: ਪੰਜਾਬ ਸਰਕਾਰ ਦੀ ਮੇਰਾ ਘਰ ਮੇਰੇ ਨਾਮ ਮੁਹਿੰਮ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਪਿੰਡ ਰਾਮਪੁਰ ਗੁੱਜਰਾਂ ਵਿਖੇ 87 ਪਰਿਵਾਰਾਂ ਨੂੰ ਉਹਨਾਂ ਦੇ ਮਕਾਨਾਂ ਦੀ ਮਾਲਕੀ ਦੇ ਸਰਟੀਫਿਕੇਟ ਵੰਡੇ।

ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਅੰਦਰ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕ ਹਮੇਸ਼ਾ ਹੀ ਘਰ ਦੀ ਮਾਲਕੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਸਨ। ਉਹਨਾਂ ਦੇ ਘਰ ਦਾ ਕਿਤੇ ਵੀ ਸਰਕਾਰੀ ਰਿਕਾਰਡ ਵਿੱਚ ਮਾਲਕੀ ਦਾ ਹੱਕ ਦਰਜ ਨਹੀਂ ਸੀ। ਪਰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਸਾਰੇ ਪੰਜਾਬ ਅੰਦਰ ਵਿਸ਼ੇਸ਼ ਸਰਵੇ ਕਰਵਾ ਕੇ ਜੋ ਪਰਿਵਾਰ ਲਾਲ ਲਕੀਰ ਦੇ ਅੰਦਰ ਰਹਿੰਦੇ ਸਨ, ਉਹਨਾਂ ਮਕਾਨਾਂ ਸਬੰਧੀ ਨੰਬਰ ਲਗਾ ਕੇ ਮਾਲਕੀ ਦੇ ਹੱਕ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਦੀ ਮਾਲਕੀ ਦੇ ਹੱਕ ਮਿਲਣ ਨਾਲ ਅਤੇ ਉਹਨਾਂ ਦੇ ਨਾਮ ਉੱਤੇ ਨੰਬਰ ਲੱਗ ਕੇ ਸਰਕਾਰੀ ਰਿਕਾਰਡ ਵਿੱਚ ਦਰਜ ਹੋਣ ਤੋਂ ਬਾਅਦ ਉਹਨਾਂ ਦੇ ਘਰਾਂ ਦੀ ਕੀਮਤ ਵੱਧ ਗਈ ਹੈ ਅਤੇ ਉਹ ਸਰਕਾਰੀ ਤੌਰ ‘ਤੇ ਘਰ ਦੇ ਮਾਲਕ ਬਣ ਗਏ ਹਨ।

ਇਸ ਦੇ ਨਾਲ ਉਹਨਾਂ ਨੂੰ ਇਹ ਵੀ ਫਾਇਦਾ ਹੋਇਆ ਹੈ ਕਿ ਜੇਕਰ ਉਹਨਾਂ ਨੇ ਕਿਸੇ ਜ਼ਰੂਰੀ ਕੰਮ ਲਈ ਲੋਨ ਲੈਣਾ ਹੈ ਤਾਂ ਲੋਨ ਸੌਖਿਆਂ ਮਿਲ ਜਾਵੇਗਾ। ਇਸ ਤੋਂ ਇਲਾਵਾ ਮਾਲਕ ਜੇਕਰ ਮਕਾਨ ਵੇਚ ਕੇ ਕਿਤੇ ਹੋਰ ਵੱਡਾ ਘਰ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਮੁੱਲ ਵੀ ਮਿਲ ਸਕਦਾ ਹੈ।

ਜਿਹੜੇ ਘਰਾਂ ਨੂੰ ਅੱਜ ਮਾਲਕੀ ਦੇ ਸਰਟੀਫਿਕੇਟ ਵੰਡੇ ਗਏ, ਕੈਬਨਿਟ ਮੰਤਰੀ ਨੇ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਇਹ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਜਲਦੀ ਹੀ ਸਾਰੇ ਪੰਜਾਬ ਵਿਚ, ਜੋ ਪਿੰਡਾਂ ਦੇ ਅੰਦਰ ਲੋਕ ਲਾਲ ਲਕੀਰ ਵਿੱਚ ਰਹਿ ਰਹੇ ਹਨ, ਉਹਨਾਂ ਸਭ ਨੂੰ ਜਲਦੀ ਹੀ ਮਾਲਕ ਹੋਣ ਦੇ ਸਰਟੀਫਿਕੇਟ ਦਿੱਤੇ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ ਉੱਤੇ ਚੱਲ ਰਹੇ ਹਨ।
ਇਸ ਦੇ ਨਾਲ ਹੀ ਹਰ ਖੇਤ ਨੂੰ ਨਹਿਰ ਦਾ ਪਾਣੀ ਲਾ ਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ। ਨਹਿਰੀ ਪਾਣੀ ਵਰਤਣ ਨਾਲ ਫਸਲ ਵੀ ਵੱਧ ਹੋਵੇਗੀ ਅਤੇ ਇਸ ਨਾਲ ਖਾਦ ਵੀ ਘੱਟ ਵਰਤਣੀ ਪਵੇਗੀ।

ਇਸ ਮੌਕੇ ਐਸਡੀਐਮ ਤਰਸੇਮ ਚੰਦ, ਚੇਅਰਮੈਨ ਇੰਪਰੂਵਮੈਂਟ ਟਰਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਜਸਵੀਰ ਕੌਰ ਸ਼ੇਰਗਿਲ, ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਹਰਵਿੰਦਰ ਸਿੰਘ ਛਾਜਲੀ, ਬੀਡੀਪੀਓ ਦਿੜ੍ਹਬਾ ਪ੍ਰਦੀਪ ਸ਼ਾਰਦਾ, ਸਰਪੰਚ ਰਵਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਅਤੇ ਸਰਪੰਚ ਸੰਦੀਪ ਸਿੰਘ ਖੇਤਲਾ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments