ਫਾਜ਼ਿਲਕਾ 27 ਅਪ੍ਰੈਲ 2026 (ਮਨੋਜ ਵਰਮਾ): ਫਾਜ਼ਿਲਕਾ ਦੀ ਤੇਲੀਆਂਵਾਲੀ ਗਲੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਥੋਂ ਦੇ ਇੱਕ ਘਰ ਅੰਦਰ ਨੌਜਵਾਨ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਅੰਕੁਸ਼ ਵਜੋਂ ਹੋਈ ਹੈ, ਜਿਸ ਨੇ ਮਹਿਜ਼ ਇੱਕ ਦਿਨ ਪਹਿਲਾਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਮੰਗਣੀ ਕਰਵਾਈ ਸੀ।
ਭਾਈਚਾਰੇ ਨੇ ਪਾਲਿਆ ਸੀ ਅਨਾਥ ਨੌਜਵਾਨ
ਗੁਆਂਢੀਆਂ ਅਤੇ ਸਥਾਨਕ ਨਿਵਾਸੀਆਂ ਮੁਤਾਬਕ ਅੰਕੁਸ਼ ਅਨਾਥ ਸੀ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਮਾਂ ਉਸਨੂੰ ਛੱਡ ਕੇ ਚਲੀ ਗਈ ਸੀ। ਭਾਈਚਾਰੇ ਦੇ ਮੈਂਬਰਾਂ ਨੇ ਇੱਕ ਕਮੇਟੀ ਰਾਹੀਂ ਇਕੱਠੇ ਹੋ ਕੇ ਉਸਨੂੰ ਪਾਲਿਆ-ਪੋਸਿਆ ਅਤੇ ਪੜ੍ਹਾਇਆ ਸੀ। ਹਾਲ ਹੀ ਵਿੱਚ ਉਸਨੇ ਆਪਣੀ ਸਿਖਲਾਈ ਪੂਰੀ ਕਰਕੇ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਨਾ ਸ਼ੁਰੂ ਕੀਤਾ ਸੀ।
ਰਾਤ ਵੇਲੇ ਮਿਲੀ ਸੂਚਨਾ
ਫਾਜ਼ਿਲਕਾ ਸੁਨਿਆਰੇ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10:30 ਵਜੇ ਅੰਕੁਸ਼ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ।
ਪੁਲਿਸ ਵੱਲੋਂ ਜਾਂਚ ਜਾਰੀ
ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਮੰਗਣੀ ਦੇ ਅਗਲੇ ਹੀ ਦਿਨ ਅਜਿਹਾ ਖੌਫਨਾਕ ਕਦਮ ਚੁੱਕਣ ਪਿੱਛੇ ਕੀ ਕਾਰਨ ਸਨ।