ਸੰਗਰੂਰ, 23 ਅਪ੍ਰੈਲ: (ਜਗਦੇਵ ਰੰਚਨਾਂ) : ਭਾਰਤ ਸਰਕਾਰ ਦੇ ਕਾਰਪੋਰੇਟ ਅਫੇਅਰਜ਼ ਮੰਤਰਾਲੇ ਵੱਲੋਂ ਵਿੱਤੀ ਸਾਲ 2026-2027 ਲਈ ‘ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ’ ਦੇ ਤੀਜੇ ਪੜਾਅ ਵਿੱਚ ਅਹਿਮ ਸੋਧਾਂ ਕੀਤੀਆਂ ਗਈਆਂ ਹਨ। ਸੰਗਰੂਰ ਦੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਇਸ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ।
ਨਵੀਆਂ ਸੋਧਾਂ ਅਤੇ ਯੋਗਤਾ:
-
ਵਿਦਿਅਕ ਯੋਗਤਾ: ਹੁਣ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਅਖੀਰਲੇ ਸਾਲ/ਸਮੈਸਟਰ ਦੇ ਵਿਦਿਆਰਥੀ ਵੀ ਇਸ ਸਕੀਮ ਤਹਿਤ ਅਪਲਾਈ ਕਰਨ ਦੇ ਯੋਗ ਹੋਣਗੇ।
-
ਉਮਰ ਸੀਮਾ: ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।
-
ਵਿੱਤੀ ਸਹਾਇਤਾ: ਚੁਣੇ ਗਏ ਇੰਟਰਨਜ਼ ਨੂੰ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਕੰਮ ਸਿੱਖਣ ਦੇ ਨਾਲ-ਨਾਲ ਪ੍ਰਤੀ ਮਹੀਨਾ ਘੱਟੋ-ਘੱਟ 9,000 ਰੁਪਏ ਦਾ ਭੱਤਾ ਮਿਲੇਗਾ।
ਐਨ.ਓ.ਸੀ. (NOC) ਹੋਵੇਗਾ ਲਾਜ਼ਮੀ:
ਨਵੀਆਂ ਤਬਦੀਲੀਆਂ ਅਨੁਸਾਰ, ਵਿਦਿਆਰਥੀਆਂ ਨੂੰ ਆਪਣੀ ਅਰਜ਼ੀ ਦੇ ਨਾਲ ਸਬੰਧਤ ਵਿਦਿਅਕ ਸੰਸਥਾ ਤੋਂ ਇੱਕ NOC (No Objection Certificate) ਜਮ੍ਹਾ ਕਰਵਾਉਣਾ ਹੋਵੇਗਾ। ਇਸ ਵਿੱਚ ਇਹ ਪੁਸ਼ਟੀ ਹੋਣੀ ਚਾਹੀਦੀ ਹੈ ਕਿ ਇੰਟਰਨਸ਼ਿਪ ਨਾਲ ਵਿਦਿਆਰਥੀ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਹੀਂ ਪਵੇਗਾ। ਇਸ ‘ਤੇ ਵਿਭਾਗ ਦੇ ਮੁਖੀ (HOD), ਡੀਨ, ਪ੍ਰਿੰਸੀਪਲ ਜਾਂ ਪਲੇਸਮੈਂਟ ਅਫ਼ਸਰ (TPO) ਦੇ ਹਸਤਾਖਰ ਹੋਣੇ ਜ਼ਰੂਰੀ ਹਨ।
ਰੁਜ਼ਗਾਰ ਦੇ ਵੱਡੇ ਮੌਕੇ:
ਤੀਜੇ ਪੜਾਅ ਵਿੱਚ ਹੁਣ ਤੱਕ 300 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ ਹੈ ਅਤੇ ਲਗਾਤਾਰ ਪੋਰਟਲ ‘ਤੇ ਨਵੇਂ ਮੌਕੇ ਪੋਸਟ ਕੀਤੇ ਜਾ ਰਹੇ ਹਨ। ਇਹ ਕਦਮ ਰਾਸ਼ਟਰੀ ਸਿੱਖਿਆ ਨੀਤੀ (NEP) ਦੇ ਅਨੁਕੂਲ ਹੈ, ਤਾਂ ਜੋ ਸਿੱਖਿਆ ਤੋਂ ਸਿੱਧਾ ਪੇਸ਼ੇਵਰ ਕੰਮ ਵੱਲ ਜਾਣ ਦੀ ਪ੍ਰਕਿਰਿਆ ਸੁਖਾਲੀ ਹੋ ਸਕੇ।
ਕਿਵੇਂ ਕਰੀਏ ਅਪਲਾਈ? > ਯੋਗ ਉਮੀਦਵਾਰ ਅਧਿਕਾਰਤ ਪੀਐਮ ਆਈ ਐਸ (PMIS) ਪੋਰਟਲ www.pminternship.mca.gov.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਨਿਊਜ਼ ਡੈਸਕ: ਇਹ ਯੋਜਨਾ ਨੌਜਵਾਨਾਂ ਨੂੰ ਉਦਯੋਗਿਕ ਮਾਹੌਲ ਵਿੱਚ ਵਿਹਾਰਕ ਤਜਰਬਾ ਹਾਸਲ ਕਰਨ ਅਤੇ ਆਤਮ-ਨਿਰਭਰ ਬਣਨ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ। ਸੰਗਰੂਰ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਮੂਹ ਯੋਗ ਨੌਜਵਾਨਾਂ ਨੂੰ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ।









