Home ਦੇਸ਼ ਵਰਿੰਦਾਵਨ ਕਿਸ਼ਤੀ ਹਾਦਸਾ: ਸੱਤਵੇਂ ਦਿਨ ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼ ਬਰਾਮਦ,...

ਵਰਿੰਦਾਵਨ ਕਿਸ਼ਤੀ ਹਾਦਸਾ: ਸੱਤਵੇਂ ਦਿਨ ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼ ਬਰਾਮਦ, ਮ੍ਰਿਤਕਾਂ ਦੀ ਗਿਣਤੀ 16 ਹੋਈ

0

ਜਲਾਲਾਬਾਦ, 16 ਅਪ੍ਰੈਲ (ਮਨੋਜ ਵਰਮਾ): ਮਥੁਰਾ ਦੇ ਵਰਿੰਦਾਵਨ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਵਿੱਚ ਲਾਪਤਾ ਆਖਰੀ ਸ਼ਰਧਾਲੂ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਦਸੇ ਦੇ ਸੱਤਵੇਂ ਦਿਨ ਬਚਾਅ ਟੀਮਾਂ ਨੂੰ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਦੇ ਰਹਿਣ ਵਾਲੇ ਪੰਕਜ ਮਲਹੋਤਰਾ (ਸਪੁੱਤਰ ਸੁਖਦੇਵ ਰਾਜ ਮਲਹੋਤਰਾ) ਦੀ ਲਾਸ਼ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 16 ਹੋ ਗਈ ਹੈ।

ਸੱਤ ਦਿਨਾਂ ਤੋਂ ਚੱਲ ਰਹੀ ਸੀ ਭਾਲ

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਹੋਰ ਸਾਰੇ ਸ਼ਰਧਾਲੂਆਂ ਦੀਆਂ ਲਾਸ਼ਾਂ ਪਹਿਲਾਂ ਹੀ ਮਿਲ ਚੁੱਕੀਆਂ ਸਨ, ਪਰ ਪੰਕਜ ਮਲਹੋਤਰਾ ਲਗਾਤਾਰ ਲਾਪਤਾ ਸੀ। ਪਰਿਵਾਰਕ ਮੈਂਬਰ ਪਿਛਲੇ ਕਈ ਦਿਨਾਂ ਤੋਂ ਵਰਿੰਦਾਵਨ ਵਿੱਚ ਹੀ ਮੌਜੂਦ ਸਨ ਅਤੇ ਅੱਜ ਲਾਸ਼ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਤੱਕ ਮ੍ਰਿਤਕ ਦੇਹ ਜਲਾਲਾਬਾਦ ਪਹੁੰਚ ਜਾਵੇਗੀ।

ਕਿਵੇਂ ਵਾਪਰਿਆ ਹਾਦਸਾ?

ਪੰਜਾਬ ਤੋਂ ਸ਼ਰਧਾਲੂਆਂ ਦਾ ਇੱਕ ਜਥਾ ਵਰਿੰਦਾਵਨ ਵਿਖੇ ਧਾਰਮਿਕ ਯਾਤਰਾ ‘ਤੇ ਗਿਆ ਹੋਇਆ ਸੀ। ਦਰਸ਼ਨਾਂ ਲਈ ਜਾਂਦੇ ਸਮੇਂ ਜਦੋਂ ਸ਼ਰਧਾਲੂ ਨਦੀ ਵਿੱਚ ਕਿਸ਼ਤੀ ਰਾਹੀਂ ਸਫ਼ਰ ਕਰ ਰਹੇ ਸਨ ਅਤੇ ਭਜਨ-ਜਾਪ ਕਰ ਰਹੇ ਸਨ, ਤਾਂ ਅਚਾਨਕ ਕਿਸ਼ਤੀ ਸੰਤੁਲਨ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਕਿਸ਼ਤੀ ਵਿੱਚ ਸਵਾਰ ਸਾਰੇ ਸ਼ਰਧਾਲੂ ਨਦੀ ਵਿੱਚ ਡੁੱਬ ਗਏ ਸਨ।

ਇਲਾਕੇ ਵਿੱਚ ਗਮਗੀਨ ਮਾਹੌਲ

ਪੰਕਜ ਮਲਹੋਤਰਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਅਤੇ ਪੂਰੇ ਸ਼ਹਿਰ ਵਿੱਚ ਮਾਤਮ ਪਸਰ ਗਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਪੂਰਾ ਸ਼ਹਿਰ ਪੰਕਜ ਦੀ ਸਲਾਮਤੀ ਲਈ ਅਰਦਾਸਾਂ ਕਰ ਰਿਹਾ ਸੀ, ਪਰ ਅੱਜ ਇਸ ਮੰਦਭਾਗੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

Exit mobile version