Home ਪੰਜਾਬ ਕਣਕ ਦੀ ਖਰੀਦ ‘ਚ ਦੇਰੀ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ; ਭਲਕੇ ਪੰਜਾਬ...

ਕਣਕ ਦੀ ਖਰੀਦ ‘ਚ ਦੇਰੀ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ; ਭਲਕੇ ਪੰਜਾਬ ਭਰ ‘ਚ 3 ਘੰਟੇ ਰੁਕਣਗੀਆਂ ਰੇਲਾਂ

0

ਅੰਮ੍ਰਿਤਸਰ, 16 ਅਪ੍ਰੈਲ (ਛਤਰਪਾਲ ਸਿੰਘ): ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਮੋਰਚਾ (ਪੰਜਾਬ), SKM (ਪੰਜਾਬ) ਦੀਆਂ ਪੰਜ ਜਥੇਬੰਦੀਆਂ ਅਤੇ AKM ਦੇ ਸਹਿਯੋਗ ਨਾਲ ਭਲਕੇ, 17 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਕਿਉਂ ਹੋ ਰਿਹਾ ਹੈ ਪ੍ਰਦਰਸ਼ਨ?

ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਖਰੀਦ ਨਿਯਮਾਂ ਵਿੱਚ ਕੋਈ ਢਿੱਲ ਨਹੀਂ ਦੇ ਰਹੀ। ਮੰਡੀਆਂ ਵਿੱਚ ਕਿਸਾਨ ਕਈ ਦਿਨਾਂ ਤੋਂ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਪਰ ਖਰੀਦ ਪ੍ਰਕਿਰਿਆ ਬਹੁਤ ਢਿੱਲੀ ਚੱਲ ਰਹੀ ਹੈ।

ਪੰਜਾਬ ਵਿੱਚ ਇਨ੍ਹਾਂ ਥਾਵਾਂ ‘ਤੇ ਰੁਕਣਗੀਆਂ ਰੇਲਾਂ:

ਕਿਸਾਨਾਂ ਵੱਲੋਂ ਸੂਬੇ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਧਰਨੇ ਦਿੱਤੇ ਜਾਣਗੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  • ਅੰਮ੍ਰਿਤਸਰ: ਦੇਵੀਦਾਸਪੁਰਾ

  • ਸੰਗਰੂਰ: ਸੁਨਾਮ ਰੇਲਵੇ ਸਟੇਸ਼ਨ

  • ਹੁਸ਼ਿਆਰਪੁਰ: ਹੁਸ਼ਿਆਰਪੁਰ ਅਤੇ ਦਸੂਆ ਸਟੇਸ਼ਨ

  • ਕਪੂਰਥਲਾ: ਹੁਸੈਨਪੁਰ (RCF ਨੇੜੇ) ਅਤੇ ਫਗਵਾੜਾ ਸਟੇਸ਼ਨ

  • ਲੁਧਿਆਣਾ: ਸਾਹਨੇਵਾਲ ਅਤੇ ਜਗਰਾਵਾਂ

  • ਬਠਿੰਡਾ: ਰਾਮਪੁਰਾ ਫੂਲ

  • ਹੋਰ ਪ੍ਰਮੁੱਖ ਸਟੇਸ਼ਨ: ਬਰਨਾਲਾ, ਤਰਨ ਤਾਰਨ, ਮੋਗਾ, ਪਟਿਆਲਾ, ਮਾਨਸਾ, ਫਿਰੋਜ਼ਪੁਰ (ਟੈਂਕਾਂ ਵਾਲੀ ਬਸਤੀ), ਅਹਿਮਦਗੜ੍ਹ, ਪਠਾਨਕੋਟ (ਪਰਮਾਨੰਦ), ਸ਼ਾਹਕੋਟ, ਫਾਜ਼ਿਲਕਾ, ਮਲੋਟ ਅਤੇ ਗੁਰਦਾਸਪੁਰ।

ਯਾਤਰੀਆਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ

ਤਿੰਨ ਘੰਟੇ ਦੇ ਇਸ ‘ਰੇਲ ਰੋਕੋ’ ਪ੍ਰੋਗਰਾਮ ਕਾਰਨ ਪੰਜਾਬ ਵਿੱਚੋਂ ਲੰਘਣ ਵਾਲੀਆਂ ਕਈ ਮੁਸਾਫ਼ਰ ਅਤੇ ਮਾਲ ਗੱਡੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਸੰਘਰਸ਼ ਜਾਰੀ ਰਹੇਗਾ।

Exit mobile version