ਪਟਿਆਲਾ, 14 ਅਪ੍ਰੈਲ, 2026 : ਸੰਵਿਧਾਨ ਨਿਰਮਾਤਾ ਡਾ. ਭੀਮ ਰਾਏ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸ਼ਰਧਾ ਅਤੇ ਆਦਰ ਨਾਲ ਸਮਾਗਮ ਕਰਵਾਏ ਗਏ। ਇਸ ਮੌਕੇ ਵਾਲਮਿਕ ਧਰਮ ਸਭਾਵਾਂ ਅਤੇ ਵੱਖ-ਵੱਖ ਵੈਲਫੇਅਰ ਸੁਸਾਇਟੀਆਂ ਦੇ ਸੱਦੇ ‘ਤੇ ਮੇਅਰ ਕੁੰਦਨ ਗੋਗੀਆ ਵੱਲੋਂ ਸਮਾਗਮਾਂ ਵਿੱਚ ਹਾਜ਼ਰੀ ਲਗਾ ਕੇ ਡਾ. ਅੰਬੇਦਕਰ ਜੀ ਨੂੰ ਫੂਲ ਮਾਲਾਵਾਂ ਅਰਪਿਤ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ।
ਇਸੇ ਤਹਿਤ ਪੁਰਾਣੇ ਬੱਸ ਸਟੈਂਡ ਕੋਲ ਸਥਿਤ ਡਾ. ਅੰਬੇਦਕਰ ਪਾਰਕ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਵੀ ਮੇਅਰ ਕੁੰਦਨ ਗੋਗੀਆ ਨੇ ਕੀਤਾ। ਸਮਾਗਮ ਦੌਰਾਨ ਸਿਹਤ ਸੇਵਾਵਾਂ ਨਾਲ ਸੰਬੰਧਤ ਮੁਫ਼ਤ ਜਾਂਚਾਂ ਅਤੇ ਦਵਾਈਆਂ ਵੀ ਵੰਡੀਆਂ ਗਈਆਂ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲਿਆ।
ਆਪਣੇ ਸੰਬੋਧਨ ਦੌਰਾਨ ਮੇਅਰ ਨੇ ਕਿਹਾ ਕਿ ਡਾ. ਅੰਬੇਦਕਰ ਸਿਰਫ਼ ਇੱਕ ਮਹਾਨ ਵਿਦਵਾਨ ਹੀ ਨਹੀਂ ਸਨ, ਸਗੋਂ ਉਹ ਗਰੀਬ ਅਤੇ ਪੀੜਤ ਵਰਗਾਂ ਦੇ ਮਸੀਹੇ ਵੀ ਸਨ। ਉਨ੍ਹਾਂ ਨੇ ਆਪਣੀ ਸਿੱਖਿਆ ਅਤੇ ਸੰਘਰਸ਼ ਦੇ ਜ਼ਰੀਏ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਦੀ ਲਹਿਰ ਪੈਦਾ ਕੀਤੀ। ਮੇਅਰ ਨੇ ਕਿਹਾ ਕਿ ਡਾ. ਅੰਬੇਦਕਰ ਜੀ ਨੇ ਪੀੜਤ ਅਤੇ ਪਿੱਛੜੇ ਵਰਗਾਂ ਨੂੰ ਸਨਮਾਨ ਨਾਲ ਜੀਊਣ ਦਾ ਅਧਿਕਾਰ ਦਿਵਾਇਆ ਅਤੇ ਸੰਵਿਧਾਨ ਦੇ ਰਾਹੀਂ ਹਰ ਨਾਗਰਿਕ ਨੂੰ ਸਮਾਨ ਅਧਿਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅਸੀਂ ਡਾ. ਸਾਹਿਬ ਦੇ ਦੱਸੇ ਰਸਤੇ ‘ਤੇ ਚੱਲਦਿਆਂ ਸਮਾਜ ਵਿੱਚ ਇਕਤਾ, ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰੀਏ। ਇਸ ਮੌਕੇ ਹੋਰਨਾਂ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਵੀ ਡਾ. ਅੰਬੇਦਕਰ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਸਮਾਗਮ ਵਿੱਚ ਨਰੇਸ਼ ਬੋਬੀ, ਰਾਜੇਸ਼ ਘਾਰੁ, ਜਤਿੰਦਰ, ਪ੍ਰਿੰਸ, ਸੋਨੂੰ ਸੰਗਰ, ਵਿਨੇ ਪਹੋਚਾ ਸਮੇਤ ਵਾਲਮਿਕੀ ਧਰਮ ਸਭਾ ਲਾਹੋਰੀ ਗੇਟ ਅਤੇ ਵਾਲਮਿਕੀ ਵੈਲਫੇਅਰ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਫੋਟੋ : ਪ੍ਰੋਗਰਾਮ ਦੌਰਾਨ ਮੇਅਰ ਅਤੇ ਹੋਰ









